ਅਮਰੀਕਾ 'ਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 1 ਲੱਖ ਪਾਰ

05/26/2020 11:56:39 PM

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਮੰਗਲਵਾਰ ਦੇਰ ਰਾਤ 1 ਲੱਖ ਤੋਂ ਪਾਰ ਹੋ ਗਈ। ਪਿਛਲੇ 33 ਦਿਨਾਂ ਵਿਚ ਅਮਰੀਕਾ ਵਿਚ ਇਸ ਬੀਮਾਰੀ ਨਾਲ 50 ਹਜ਼ਾਰ ਮੌਤਾਂ ਹੋਈਆਂ ਹਨ। ਅਮਰੀਕਾ ਵਿਚ 23 ਅਪ੍ਰੈਲ ਨੂੰ ਮੌਤਾਂ ਦੀ ਗਿਣਤੀ 50234 ਸੀ, ਜੋ ਮੰਗਲਵਾਰ ਰਾਤ ਨੂੰ ਵੱਧ ਕੇ 100046 ਤੱਕ ਪਹੁੰਚ ਗਈਆਂ। 21 ਅਪ੍ਰੈਲ ਨੂੰ ਅਮਰੀਕਾ ਵਿਚ ਇਕ ਦਿਨ 'ਚ ਸਭ ਤੋਂ ਜ਼ਿਆਦਾ 2683 ਮੌਤਾਂ ਹੋਈਆਂ ਸਨ ਅਤੇ ਮੌਤਾਂ ਦਾ ਇਹ ਅੰਕੜਾ 25 ਮਈ ਨੂੰ ਸਭ ਤੋਂ ਹੇਠਲੇ ਪੱਧਰ 'ਤੇ ਰਿਹਾ ਹੈ ਅਤੇ 25 ਮਈ ਨੂੰ ਅਮਰੀਕਾ ਵਿਚ 505 ਮੌਤਾਂ ਹੋਈਆਂ। 30 ਮਾਰਚ ਤੋਂ ਬਾਅਦ ਅਮਰੀਕਾ ਵਿਚ 1 ਦਿਨ ਵਿਚ ਹੋਈਆਂ ਮੌਤਾਂ ਦਾ ਇਹ ਸਭ ਤੋਂ ਘੱਟ ਅੰਕੜਾ ਹੈ। 

ਟਰੰਪ ਨੇ ਜ਼ਾਹਿਰ ਕੀਤਾ ਸੀ 80 ਹਜ਼ਾਰ ਤੋਂ 1 ਲੱਖ ਮੌਤਾਂ ਦਾ ਖਦਸ਼ਾ
ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਕਦੋਂ ਤੱਕ ਚੱਲੇਗਾ ਇਸ ਬਾਰੇ ਦੱਸਣਾ ਅਜੇ ਮੁਸ਼ਕਲ ਨਜ਼ਰ ਆ ਰਿਹਾ ਹੈ। ਇਸ ਦੌਰਾਨ ਗੱਲ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵਿਆਂ ਦੀ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਅਮਰੀਕੀ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਅਮਰੀਕਾ ਵਿਚ ਵੱਖਰੇ ਹਾਲਾਤ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਮਹਾਮਾਰੀ ਕਾਰਣ ਅਮਰੀਕਾ ਵਿਚ 80 ਹਜ਼ਾਰ ਤੋਂ 1 ਲੱਖ ਲੋਕਾਂ ਦੀ ਮੌਤ ਹੋਵੇਗੀ ਪਰ ਹੁਣ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ ਇਕ ਲੱਖ ਤੋਂ ਵੀ ਪਾਰ ਹੋ ਗਈ ਹੈ।

ਦੁਨੀਆ ਭਰ 'ਚ 56 ਲੱਖ ਤੋਂ ਵਧੇਰੇ ਮਾਮਲੇ
ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 56.42 ਲੱਖ ਦਾ ਅੰਕੜਾ ਪਾਰ ਕਰ ਗਏ ਹਨ, ਜਿਨ੍ਹਾਂ ਵਿਚੋਂ 3,49,919 ਲੋਕ ਆਪਣੀ ਜਾਣ ਗੁਆ ਚੁੱਕੇ ਹਨ ਹਾਲਾਂਕਿ 24 ਲੱਖ ਤੋਂ ਵਧੇਰੇ ਅਜਿਹੇ ਵੀ ਲੋਕ ਹਨ ਜੋ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।


Baljit Singh

Content Editor

Related News