ਫਰਾਂਸ 'ਚ 24 ਘੰਟੇ ਦੌਰਾਨ 499 ਮੌਤਾਂ, ਕੁੱਲ ਗਿਣਤੀ 3500 ਤੋਂ ਪਾਰ ਹੋਈ
Wednesday, Apr 01, 2020 - 02:11 AM (IST)
ਪੈਰਿਸ- ਕੋਵਿਡ-19 ਨੇ ਅਜਿਹੀ ਤੜਥੱਲੀ ਮਚਾਈ ਹੈ ਕਿ ਸਾਰੀ ਦੁਨੀਆ ਹਾਹਾਕਾਰ ਕਰ ਰਹੀ ਹੈ। ਫਰਾਂਸ ਦੇ ਸਿਹਤ ਸੇਵਾਵਾਂ ਦੇ ਨਿਰਦੇਸ਼ਕ ਜੇਰੋਮ ਸੁਲੇਮਾਨ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ 499 ਲੋਕਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 3,523 ਹੋ ਗਈ ਹੈ। ਇਹ ਸਾਰੀਆਂ ਮੌਤਾਂ ਹਸਪਤਾਲਾਂ ਵਿੱਚ ਹੋਈਆਂ ਹਨ।
ਫਰਾਂਸ ਵਿਚ ਮਹਾਂਮਾਰੀ ਫੈਲਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਹਸਪਤਾਲਾਂ ਵਿਚ ਇਕ ਦਿਨ ਵਿਚ ਇੰਨੀਆਂ ਮੌਤਾਂ ਹੋਈਆਂ ਹਨ। ਫਰਾਂਸ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 44,550 ਤੋਂ ਵਧ ਕੇ 52,128 ਹੋ ਗਈ ਹੈ।
ਇਸ ਤੋਂ ਇਕ ਦਿਨ ਪਹਿਲਾਂ ਫਰਾਂਸ ਵਿਚ ਇਕੋ ਦਿਨ 418 ਲੋਕਾਂ ਨੇ ਦਮ ਤੋੜਿਆ ਸੀ, ਜੋ ਉਸ ਸਮੇਂ ਰਿਕਾਰਡ ਦੱਸਿਆ ਜਾ ਰਿਹਾ ਸੀ। ਲਗਭਗ ਇਸ ਹਫਤੇ ਫਰਾਂਸ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਜੌਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ, ਫਰਾਂਸ ਉਨ੍ਹਾਂ ਛੇ ਦੇਸ਼ਾਂ ਵਿਚੋਂ ਇੱਕ ਹੈ, ਜਿੱਥੇ ਕੋਰੋਨਾ ਪੀੜਤਾਂ ਦੇ ਕੇਸ ਸਭ ਤੋਂ ਵੱਧ ਹਨ। ਹੁਣ ਤੱਕ ਕੋਰੋਨਾ ਵਾਇਰਸ ਦੇ ਜ਼ਿਆਦਾਤਰ ਮਾਮਲੇ ਫਰਾਂਸ ਸਮੇਤ ਅਮਰੀਕਾ, ਇਟਲੀ, ਚੀਨ, ਸਪੇਨ ਅਤੇ ਜਰਮਨੀ ਵਿਚ ਸਾਹਮਣੇ ਆ ਚੁੱਕੇ ਹਨ।