ਨਿਊਯਾਰਕ ''ਚ ਹੁਣ ਫਾਰਮੇਸੀ ਦੀਆਂ ਦੁਕਾਨਾਂ ''ਚ ਵੀ ਹੋਣਗੇ ਕੋਰੋਨਾ ਦੇ ਟੈਸਟ

04/27/2020 12:58:19 AM

ਵਾਸ਼ਿੰਗਟਨ - ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਕੇਂਦਰ ਨਿਊਯਾਰਕ ਦੇ ਗਵਰਨਰ ਨੇ ਆਖਿਆ ਹੈ ਕਿ ਉਥੋਂ ਦੀਆਂ ਫਾਰਮੇਸੀ ਦੀਆਂ ਦੁਕਾਨਾਂ ਨੂੰ ਕੋਰੋਨਾਵਾਇਰਸ ਦੇ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਗਵਰਨਰ ਐਂਡਿ੍ਰਓ ਕੁਓਮੋ ਨੇ ਆਖਿਆ ਹੈ ਕਿ ਕਰੀਬ 5,000 ਫਾਰਮੇਸੀ ਦੀਆਂ ਦੁਕਾਨਾਂ ਵਿਚ ਟੈਸਟਿੰਗ ਹੋ ਪਾਵੇਗੀ ਅਤੇ ਟੀਚਾ ਹੈ ਕਿ ਰੁਜ਼ਾਨਾ 40,000 ਟੈਸਟ ਕਰਵਾਏ ਜਾਣ। ਦੱਸ ਦਈਏ ਕਿ ਅਮਰੀਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 9 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 53 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ ਕਰੀਬ ਇਕ ਤਿਹਾਈ ਲੋਕ ਸਿਰਫ ਨਿਊਯਾਰਕ ਵਿਚ ਮਾਰੇ ਗਏ।ਇਸ ਵਿਚਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਆਪਣੀ ਰੁਜ਼ਾਨਾ ਵਾਂਗ ਪ੍ਰੈਸ ਕਾਨਫਰੰਸ ਨਹੀਂ ਕੀਤੀ ਅਤੇ ਆਖਿਆ ਕਿ ਇਹ ਉਨ੍ਹਾਂ ਦੇ ਸਮੇਂ ਅਤੇ ਯਤਨਾਂ ਦੇ ਬਰਬਾਦੀ ਹੈ।

ਉਥੇ ਹੀ ਸ਼ਨੀਵਾਰ ਨੂੰ ਨਿਊਯਾਰਕ ਦੇ ਗਵਰਨਰ ਕੁਓਮੋ ਨੇ ਐਲਾਨ ਕੀਤਾ ਸੀ ਕਿ 4 ਹਸਪਤਾਲਾਂ ਵਿਚ ਐਂਟੀਬਾਡੀ ਸਕ੍ਰੀਨਿੰਗ ਸ਼ੁਰੂ ਹੋਵੇਗੀ, ਜਿਸ ਵਿਚ ਪਹਿਲਾਂ ਸਿਹਤ ਕਰਮੀਆਂ ਦੀ ਸਕ੍ਰੀਨਿੰਗ ਹੋਵੇਗੀ। ਉਨ੍ਹਾਂ ਨੇ ਇਹ ਵੀ ਆਖਿਆ ਕਿ ਆਮ ਫਾਰਮੇਸੀ ਦੁਕਾਨਾਂ ਵਿਚ ਟੈਸਟ ਲਈ ਨਮੂਨੇ ਇਕੱਠੇ ਕੀਤੇ ਜਾ ਸਕਣਗੇ।ਇਹ ਕਦਮ ਇਹ ਜਾਣਨ ਦੇ ਯਤਨਾਂ ਦੇ ਤਹਿਤ ਚੁੱਕਿਆ ਗਿਆ ਹੈ ਕਿ 2 ਕਰੋੜ ਲੋਕਾਂ ਦੀ ਆਬਾਦੀ ਵਾਲੇ ਨਿਊਯਾਰਕ ਵਿਚ ਵਾਇਰਸ ਕਿੰਨੇ ਵਿਆਪਕ ਤੌਰ 'ਤੇ ਫੈਲਿਆ ਹੈ। ਗਵਰਨਰ ਨੇ ਆਖਿਆ ਕਿ ਪਿਛਲੇ 21 ਦਿਨ ਨਰਕ ਵਾਂਗ ਸਨ ਅਤੇ ਅੱਜ ਅਸੀਂ ਉਸੇ ਸਥਿਤੀ ਵਿਚ ਵਾਪਸ ਆ ਗਏ ਹਾਂ, ਜਿਵੇਂ ਕਿ 21 ਦਿਨ ਪਹਿਲਾਂ ਸੀ। ਉਨ੍ਹਾਂ ਆਖਿਆ ਕਿ ਸਿਹਤ ਕਰਮੀ, ਪੁਲਸ, ਫਾਇਰ ਬਿ੍ਰਗੇਡ ਦੇ ਕਰਮੀ, ਬੱਸ ਡਰਾਈਵਰ ਅਤੇ ਦੁਕਾਨਦਾਰਾਂ ਜਿਹੇ ਲੋੜੀਂਦੀਆਂ ਸੇਵਾਵਾਂ ਵਿਚ ਲੱਗੇ ਦਾ ਟੈਸਟ ਕੀਤਾ ਜਾ ਸਕੇਗਾ ਭਾਂਵੇ ਉਨ੍ਹਾਂ ਵਿਚ ਵਾਇਰਸ ਦੇ ਕੋਈ ਲੱਛਣ ਨਾ ਵੀ ਹੋਣ।

ਗਵਰਨਰ ਨੇ ਅੱਗੇ ਆਖਿਆ ਕਿ ਇਹ ਸਿਰਫ ਉਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਅਹਿਮ ਨਹੀਂ ਹੈ ਬਲਕਿ ਆਮ ਲੋਕਾਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੀ ਸੰਕੇਤ ਮਿਲ ਰਹੇ ਹਨ ਕਿ ਸੰਕਟ ਹੁਣ ਕਮਜ਼ੋਰ ਪੈਣਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਥੋੜੀ ਵਧ ਕੇ 437 ਹੋ ਗਈ ਅਤੇ ਪਿਛਲੇ ਚਾਰ ਦਿਨਾਂ ਵਿਚ ਸਭ ਤੋਂ ਜ਼ਿਆਦਾ। ਗਵਰਨਰ ਕੁਓਮੋ ਨੇ ਦੱਸਿਆ ਕਿ ਇਸ ਹਫਤੇ ਇਕ ਸਟੱਡੀ ਦੌਰਾਨ 3,000 ਵਿਚੋਂ ਕਰੀਬ 14 ਫੀਸਦੀ ਲੋਕਾਂ ਵਿਚ ਐਂਟੀਬਾਡੀਜ਼ ਪਾਏ ਗਏ, ਜਿਸ ਦਾ ਮਤਲਬ ਇਹ ਹੈ ਕਿ ਵਾਇਰਸ ਪੂਰੀ ਆਬਾਦੀ ਵਿਚ ਫੈਲਿਆ ਹੈ। ਇਸ ਵਿਚਾਲੇ, ਨਿਊਯਾਰਕ ਦੇ ਸੁਤੰਤਰ ਬਜਟ ਆਫਿਸ ਨੇ ਆਖਿਆ ਹੈ ਕਿ ਲਾਕਡਾਊਨ ਕਾਰਨ 4,75,000 ਨੌਕਰੀਆਂ ਜਾ ਸਕਦੀਆਂ ਹਨ ਅਤੇ ਸ਼ਹਿਰ ਦੇ 10 ਅਰਬ ਡਾਲਰ ਦਾ ਘਾਟਾ ਹੋ ਸਕਦਾ ਹੈ।


Khushdeep Jassi

Content Editor

Related News