ਇਟਲੀ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ''ਚ ਹੋ ਰਿਹਾ ਭਾਰੀ ਵਾਧਾ, ਵਧੀ ਚਿੰਤਾ
Saturday, Sep 05, 2020 - 02:16 PM (IST)
ਰੋਮ,(ਕੈਂਥ)- ਇਟਲੀ ਦੇ ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਮਰੀਜ਼ਾਂ ਦੀ ਸਖਤ ਦੇਖਭਾਲ ਲਈ ਦਾਖਲੇ ਵਿਚ 62 ਫੀਸਦੀ ਹਫ਼ਤਾਵਾਰ ਵਾਧਾ ਹੋਇਆ ਹੈ, ਕਿਉਂਕਿ ਸ਼ੁੱਕਰਵਾਰ ਨੂੰ ਹੋਰ 1,733 ਨਵੇਂ ਕੇਸ ਸਾਹਮਣੇ ਆਏ ਹਨ।
ਇਹ ਜੋਖਮ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਟਲੀ ਦੇ ਸਿਵਲ ਪ੍ਰੋਟੈਕਸ਼ਨ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਅੰਕੜਾ ਤਾਲਾਬੰਦੀ ਤੋਂ ਬਾਅਦ ਦਾ ਸਭ ਤੋਂ ਵੱਧ ਹੁਣ ਤੱਕ ਦਾ ਉੱਚਾ ਅੰਕੜਾ ਸੀ, ਜਦੋਂ ਪਾਬੰਦੀਆਂ ਨੂੰ ਘੱਟ ਕਰਨ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਗਿਣਤੀ 2 ਮਈ ਨੂੰ ਆਖਰੀ ਵਾਰ ਵੇਖੀ ਗਈ ਸੀ ਜਦ ਕਿ ਹੁਣ ਇਟਲੀ ਵਿੱਚ ਕੋਵਿਡ 19 ਦੇ ਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਕਈ ਹਫ਼ਤਿਆਂ ਤੋਂ ਵੱਧਦੀ ਜਾ ਰਹੀ ਹੈ। ਇਟਲੀ ਨੇ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 1,13,085 ਕੋਰੋਨਾ ਵਾਇਰਸ 'ਤੇ ਵਿਸ਼ਲੇਸ਼ਣ ਕੀਤਾ, ਜੋ ਕੱਲ ਦੇ 92,790 ਦੇ ਮੁਕਾਬਲੇ ਵੱਧ ਹੈ। ਦੋਵਾਂ ਦਿਨਾਂ ਤੇ ਸਾਰੀਆਂ ਸਵੈਬਾਂ ਵਿਚੋਂ 2.2 ਫੀਸਦੀ ਪਾਜ਼ੀਟਿਵ ਪਾਏ ਗਏ।
ਪਿਛਲੇ ਹਫ਼ਤੇ ਤੱਕ, ਹਾਲਾਂਕਿ ਇਟਲੀ ਵਿਚ ਕੋਵਿਡ -19 ਕਾਰਨ ਗੰਭੀਰ ਰੂਪ ਵਿੱਚ ਬੀਮਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਕਾਫ਼ੀ ਸਥਿਰ ਰਹੀ ਅਤੇ ਬਹੁਤੇ ਮਾਮਲਿਆਂ ਨੂੰ ਅਸਥਾਈ ਮੰਨਿਆ ਗਿਆ, ਜਿਸ ਕਾਰਨ ਕੁਝ ਲੋਕਾਂ ਵਲੋਂ ਇਹ ਉਮੀਦ ਕੀਤੀ ਗਈ ਕਿ ਵਾਇਰਸ ਕਮਜ਼ੋਰ ਹੋ ਗਿਆ ਹੈ ਜਾਂ ਹਲਕਾ ਜਿਹਾ ਹੋ ਗਿਆ ਹੈ ਪਰ ਇਟਲੀ ਨੇ ਹਸਪਤਾਲਾਂ ਵਿਚ ਦਾਖਲ ਹੋਣ ਦੀ ਗਿਣਤੀ ਵਿਚ ਨਿਰੰਤਰ ਵਾਧੇ ਦੀ ਰਿਪੋਰਟ ਕੀਤੀ ਹੈ ਅਤੇ ਕੋਵਿਡ -19 ਮਰੀਜ਼ਾਂ ਦੇ ਆਈ. ਸੀ. ਯੂ. ਦੇ ਦਾਖਲੇ ਵਿਚ ਲਗਾਤਾਰ ਵਾਧਾ ਹੋਇਆ ਹੈ। ਇਟਲੀ ਬੇਸ਼ੱਕ ਵੱਧ ਰਹੇ ਨਵੇਂ ਕੇਸਾਂ ਦੇ ਇਸ ਰੁਝਾਨ ਨੂੰ ਵੇਖਣ ਵਿਚ ਇਕੱਲੇ ਨਹੀਂ ਹੈ, ਬਹੁਤ ਸਾਰੇ ਯੂਰਪੀਅਨ ਦੇਸ਼ਾਂ ਵਿਚ ਇਹ ਗਿਣਤੀ ਵੱਧ ਰਹੀ ਹੈ । ਫਰਾਂਸ ਵਿਚ ਵੀਰਵਾਰ ਨੂੰ 7,000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।