ਇਟਲੀ ਦੇ ਕੰਮਾਂ ਨੂੰ ਕੀੜਾ ਬਣ ਖਾ ਰਿਹੈ ਕੋਰੋਨਾ, 6 ਲੱਖ ਤੋਂ ਵੱਧ ਲੋਕਾਂ ਦੀ ਗਈ ਨੌਕਰੀ

Saturday, Jan 23, 2021 - 05:06 PM (IST)

ਰੋਮ, (ਕੈਂਥ)- ਕੋਵਿਡ-19 ਕਾਰਨ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਕੀਤੀ ਤਾਲਾਬੰਦੀ ਕਈ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਾਂ ਬਚਾਅ ਲਿਆ ਪਰ ਵੱਡੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਗਏ ਹਨ। ਕਈ ਦੇਸ਼ਾਂ ਨੇ ਕੋਵਿਡ-19 ਕਾਰਨ ਹੋਣ ਵਾਲੇ ਨੁਕਸਾਨ ਦਾ ਬੇਸ਼ੱਕ ਪਹਿਲਾਂ ਤੋਂ ਹੀ ਅੰਦਾਜ਼ਾ ਲਗਾਇਆ ਸੀ ਪਰ ਇਸ ਦੇ ਨਤੀਜੇ ਕਈ ਲੋਕਾਂ ਦੇ ਕੰਮਾਂ ਨੂੰ ਕੀੜਾ ਬਣ ਕੇ ਖਾ ਜਾਣ ਗਏ, ਜਿਸ ਦਾ ਅੰਦਾਜ਼ਾ ਸ਼ਾਇਦ ਬਹੁਤੇ ਲੋਕਾਂ ਨੂੰ ਬਹੁਤ ਘੱਟ ਸੀ। 

ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ ਜਿੱਥੇ ਲੋਕਾਂ ਨੂੰ ਜਾਨੀ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀਆਂ ਹੋਈਆਂ ਹਨ, ਉੱਥੇ ਹੀ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਵੀ ਕਰਨਾ ਪਿਆ। ਜੇਕਰ ਗੱਲ ਇਟਲੀ ਦੀ ਕਰੀਏ ਤਾਂ ਅਕਤੂਬਰ 2020 ਵਿਚ ਅਕਤੂਬਰ 2019 ਦੇ ਮੁਕਾਬਲੇ ਨੌਕਰੀਆਂ ਘਟਣ ਦੇ ਕਾਫ਼ੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਦੇਸ਼ ਵਾਸੀਆਂ ਦੇ ਕੰਮਾਂ-ਕਾਰਾਂ ਦਾ ਵਿਸਥਾਰਪੂਰਵਕ ਹਿਸਾਬ ਰੱਖਣ ਵਾਲੀ ਇਟਲੀ ਦੀ ਸਮਾਜਕ ਸੁਰੱਖਿਆ ਏਜੰਸੀ ਇੰਪਸ ਨੇ ਦੱਸਿਆ ਕਿ ਇਟਲੀ ਵਿਚ ਅਕਤੂਬਰ 2020 ਵਿਚ ਰਜਿਸਟਰਡ ਨੌਕਰੀ ਦੇ ਸਮਝੌਤੇ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ ਬਹੁਤ ਘੱਟ ਸਨ।

ਏਜੰਸੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਇਕ ਵੱਡਾ ਕਾਰਨ ਸੀ ਕਿਉਂਕਿ ਇਸ ਨਾਲ ਲੇਬਰ ਮਾਰਕੀਟ ਨੂੰ ਭਾਰੀ ਸੱਟ ਲੱਗੀ ਹੈ, ਖ਼ਾਸਕਰ ਅਸਥਾਈ ਲੇਬਰ ਸਮਝੌਤਿਆਂ ਦੇ ਸੰਬੰਧ ਵਿਚ ਕਾਫੀ ਕਾਮਿਆਂ ਨੂੰ ਰੁਜ਼ਗਾਰ ਤੋਂ ਹੱਥ ਧੋਣਾ ਪਿਆ ਹੈ। ਕੋਵਿਡ -19 ਕਾਰਨ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਜਿੱਥੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ, ਉੱਥੇ ਇਨ੍ਹਾਂ ਵਿਚ ਕੰਮ ਕਰਨ ਵਾਲੇ ਆਮ ਕਾਮੇ ਨੂੰ ਮੰਦਹਾਲੀ ਨੇ ਝੰਬ ਕੇ ਰੱਖ ਦਿੱਤਾ ਹੈ। ਹੋਰ ਤਾਂ ਹੋਰ ਕਈ ਅਜਿਹੇ ਛੋਟੇ ਕਿੱਤਾਕਾਰ ਵੀ ਹਨ, ਜਿਹੜੇ ਕਿ ਆਪਣਾ ਰੁਜ਼ਗਾਰ ਤੁਰ-ਫਿਰ ਕੇ ਹੀ ਚਲਾਉਂਦੇ ਸਨ ਪਰ ਕੋਵਿਡ -19 ਕਾਰਨ ਹੋਈ  ਤਾਲਾਬੰਦੀ ਨੇ ਉਨ੍ਹਾਂ ਨੂੰ ਭੱਵਿਖ ਪ੍ਰਤੀ ਡੂੰਘੀਆਂ ਚਿੰਤਾਵਾਂ ਵਿਚ ਧੱਕ ਦਿੱਤਾ ਹੈ। ਜ਼ਿਕਰਯੋਗ ਹੈ ਕੋਵਿਡ-19 ਕਾਰਨ ਉੱਜੜ ਰਹੇ ਕੰਮਾਂ ਦੇ ਮੱਦੇਨਜ਼ਰ ਲੋਕਾਂ ਸਰਕਾਰ ਤੋਂ ਮਦਦ ਲਈ ਮੁਜ਼ਾਹਰੇ ਵੀ ਬੀਤੇ ਸਮੇਂ ਵਿੱਚ ਕਰ ਚੁੱਕੇ ਹਨ।


Lalita Mam

Content Editor

Related News