ਸਕਾਟਲੈਂਡ ''ਚ ਕੋਰੋਨਾ ਹੋਟਲ ਇਕਾਂਤਵਾਸ ਨਿਯਮ ਹੋਣਗੇ ਸੋਮਵਾਰ ਤੋਂ ਲਾਗੂ

02/10/2021 4:13:52 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਪ੍ਰਸਾਰ ਨੂੰ ਰੋਕਣ ਲਈ ਕੌਮਾਂਤਰੀ ਯਾਤਰੀਆਂ ਲਈ ਹੋਟਲ ਕੁਆਰੰਟੀਨ ਸੰਬੰਧੀ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਸੋਮਵਾਰ ਤੋਂ ਲਾਗੂ ਕੀਤੇ ਜਾਣਗੇ। ਇਸ ਸੰਬੰਧੀ  ਸਰਕਾਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਯੂਨਾਈਟਿਡ ਕਿੰਗਡਮ, ਰੀਪਬਲਿਕ ਆਫ਼ ਆਇਰਲੈਂਡ, ਚੈਨਲ ਆਈਲੈਂਡਜ਼ ਅਤੇ ਆਇਲ ਆਫ਼ ਮੈਨ ਤੋਂ ਬਿਨਾਂ ਸਕਾਟਲੈਂਡ ਆਉਣ ਵਾਲੇ ਯਾਤਰੀਆਂ ਨੂੰ 15 ਫਰਵਰੀ ਤੋਂ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਲਈ ਸੁਰੱਖਿਆ ਦੇ ਮੰਤਵ ਨਾਲ ਹੋਟਲਾਂ ਵਿਚ ਇਕਾਂਤਵਾਸ ਪ੍ਰਕਿਰਿਆ ਵਿਚ ਰਹਿਣ ਲਈ ਬੁਕਿੰਗ ਅਤੇ ਭੁਗਤਾਨ ਕਰਨ ਦੀ ਜ਼ਰੂਰਤ ਹੋਵੇਗੀ।  

ਟ੍ਰਾਂਸਪੋਰਟ ਸੱਕਤਰ ਮਾਈਕਲ ਮੈਥਸਨ ਨੇ ਦੱਸਿਆ ਕਿ ਵਾਇਰਸ ਦੇ ਨਵੇਂ ਰੂਪਾਂ ਦੇ ਜ਼ੋਖ਼ਮ ਨੂੰ ਘੱਟ ਕਰਨ ਲਈ ਅੰਤਰਰਾਸ਼ਟਰੀ ਯਾਤਰਾ ਦੀਆਂ ਨਵੀਂਆਂ ਸੀਮਾਵਾਂ ਰੱਖੀਆਂ ਗਈਆਂ ਹਨ । ਇਨ੍ਹਾਂ ਨਿਯਮਾਂ ਤਹਿਤ ਏਬਰਡੀਨ, ਐਡਿਨਬਰਾ ਅਤੇ ਗਲਾਸਗੋ ਹਵਾਈ ਅੱਡਿਆਂ ਦੇ ਨਜ਼ਦੀਕ ਦੇ ਛੇ ਹੋਟਲਾਂ ਨੂੰ, ਜਿਨ੍ਹਾਂ ਦੀ ਸਮਰੱਥਾ 1,300 ਕਮਰਿਆਂ ਦੀ ਹੈ, ਪ੍ਰਤੀ ਵਿਅਕਤੀ ਯਾਤਰੀ ਲਈ 1,750 ਪੌਂਡ ਦੀ ਕੀਮਤ ਨਾਲ ਇਕਾਂਤਵਾਸ ਪ੍ਰਕਿਰਿਆ ਲਈ ਵਰਤਿਆ ਜਾਵੇਗਾ। 

ਨਵੇਂ ਨਿਯਮਾਂ ਤਹਿਤ ਸਕਾਟਲੈਂਡ ਆਉਣ ਵਾਲੇ ਸਾਰੇ ਲੋਕਾਂ ਨੂੰ ਘੱਟੋ-ਘੱਟ 10 ਦਿਨਾਂ ਲਈ ਹੋਟਲ ਵਿਚ ਅਲੱਗ ਰਹਿਣਾ ਹੋਵੇਗਾ ਅਤੇ ਇਸ ਦੌਰਾਨ ਯਾਤਰੀਆਂ ਦਾ ਵਾਇਰਸ ਲਈ ਦੋ ਵਾਰ ਟੈਸਟ ਕੀਤਾ ਜਾਵੇਗਾ । ਇਸ ਸੰਬੰਧੀ ਪਹਿਲਾ ਟੈਸਟ ਕੁਆਰੰਟੀਨ ਦੇ ਦੂਜੇ ਦਿਨ ਅਤੇ ਦੂਜਾ ਟੈਸਟ ਅੱਠ ਦਿਨਾਂ ਬਾਅਦ ਹੋਵੇਗਾ। ਇਸਦੇ ਇਲਾਵਾ ਸਕਾਟਿਸ਼ ਸਰਕਾਰ ਅਨੁਸਾਰ ਯਾਤਰਾ ਦੀਆਂ ਖਿਡਾਰੀਆਂ, ਓਲੰਪਿਕ ਅਤੇ ਪੈਰਾ ਓਲੰਪਿਕ ਖੇਡਾਂ ਦੀ ਤਿਆਰੀ ਕਰਨ ਵਾਲੇ ਕੋਚਾਂ ਤੋਂ ਇਲਾਵਾ ਸਕਾਟਲੈਂਡ ਵਿਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਵਾਲਿਆਂ ਲਈ ਇਨ੍ਹਾਂ ਨਿਯਮਾਂ ਵਿਚ ਢਿੱਲ ਹੋਵੇਗੀ।
 


Lalita Mam

Content Editor

Related News