ਨੇਪਾਲ ''ਚ ਕੋਰੋਨਾ ਕਾਰਨ ਪਹਿਲੀ ਮੌਤ, ਮਾਂ ਬਣਨ ਮਗਰੋਂ ਘਰ ਪੁੱਜੀ ਔਰਤ ਨੇ ਤੋੜਿਆ ਦਮ

05/17/2020 10:48:03 AM

ਕਾਠਮੰਡੂ- ਨੇਪਾਲ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਇਕ ਔਰਤ ਨੇ ਦਮ ਤੋੜ ਦਿੱਤਾ ਜੋ ਦੇਸ਼ ਵਿਚ ਕੋਰੋਨਾ ਕਾਰਨ ਪਹਿਲੀ ਮੌਤ ਹੈ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਹਾਲ ਹੀ ਵਿਚ ਇਕ ਔਰਤ ਬੱਚੇ ਨੂੰ ਜਨਮ ਦੇਣ ਮਗਰੋਂ ਬੀਮਾਰ ਹੋ ਗਈ ਸੀ, ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਔਰਤ ਦੇ ਨੱਕ ਅਤੇ ਗਲੇ ਦੇ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਮੌਤ ਕੋਰੋਨਾ ਕਾਰਨ ਹੋਈ । 

'ਦਿ ਕਾਠਮੰਡੂ ਪੋਸਟ' ਮੁਤਾਬਕ, "ਜਾਂਚ ਅਤੇ ਟੈਸਟਾਂ ਤੋਂ ਪਤਾ ਲੱਗਾ ਹੈ ਕਿ ਦੇਸ਼ ਵਿਚ ਕੋਵਿਡ -19 ਕਾਰਨ ਇਹ ਪਹਿਲੀ ਮੌਤ ਹੋਈ ਹੈ।" ਦੱਸਿਆ ਜਾ ਰਿਹਾ ਹੈ ਕਿ 29 ਸਾਲਾ ਔਰਤ ਨੇ 6 ਮਈ ਨੂੰ ਬੱਚੇ ਨੂੰ ਜਨਮ ਦਿੱਤਾ ਅਤੇ ਅਗਲੇ ਹੀ ਦਿਨ ਮਾਂ ਅਤੇ ਬੱਚੇ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਸ ਸਮੇਂ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਸਨ। ਸਿਹਤ ਮੰਤਰਾਲੇ ਮੁਤਾਬਕ ਆਪਣੇ ਪਿੰਡ ਵਾਪਸ ਜਾਣ ਦੇ ਥੋੜ੍ਹੀ ਦੇਰ ਬਾਅਦ ਔਰਤ ਨੂੰ ਬੁਖਾਰ ਹੋ ਗਿਆ ਤੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਆਈ। 

ਉਸ ਨੂੰ 14 ਮਈ ਨੂੰ ਡੂਲੀਖੇਲ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਗਈ, ਜਿੱਥੇ ਲਿਜਾਂਦੇ ਸਮੇਂ ਉਸ ਨੇ ਦਮ ਤੋੜ ਦਿੱਤਾ। ਮੰਤਰਾਲੇ ਮੁਤਾਬਕ ਦੇਸ਼ ਵਿਚ ਕੋਰੋਨਾ ਦੇ ਕੁੱਲ 281 ਮਾਮਲੇ ਸਾਹਮਣੇ ਆਏ ਹਨ। ਨੇਪਾਲ ਸਰਕਾਰ ਨੇ ਕੋਵਿਡ -19 ਨਾਲ ਸੰਕਰਮਿਤ ਲੋਕਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਇਸ ਮਹੀਨੇ ਦੇ ਸ਼ੁਰੂ ਵਿਚ ਆਈਸੋਲੇਸ਼ਨ ਦੀ ਮਿਆਦ 18 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ। ਨੇਪਾਲ ਵਿਚ 24 ਮਾਰਚ ਤੋਂ ਲਾਕਡਾਊਨ ਲਾਗੂ ਹੈ।
 


Lalita Mam

Content Editor

Related News