ਕੈਲੀਫੋਰਨੀਆ ''ਚ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 695 ਲੋਕਾਂ ਨੇ ਤੋੜਿਆ ਦਮ

Monday, Jan 11, 2021 - 09:34 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦਾ ਸੰਘਣੀ ਵਸੋਂ ਵਾਲਾ ਸੂਬਾ ਕੈਲੀਫੋਰਨੀਆ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਵਾਇਰਸ ਦੇ ਮਾਮਲੇ ਅਤੇ ਮੌਤਾਂ ਵਿਚ ਵਾਧੇ ਦੇ ਮੱਦੇਨਜ਼ਰ ਸੂਬੇ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਕੋਰੋਨਾ ਕਾਰਨ ਇੱਥੇ 695 ਲੋਕਾਂ ਦੀ ਮੌਤ ਹੋਈ ਹੈ।

ਸੂਬੇ ਦੇ ਪਬਲਿਕ ਸਿਹਤ ਵਿਭਾਗ ਦੀ ਵੈੱਬਸਾਈਟ ਅਨੁਸਾਰ ਕੈਲੀਫੋਰਨੀਆ ਵਿਚ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ 29,233 ਹੋ ਗਈ ਹੈ। ਇਸ ਦੇ ਨਾਲ ਹੀ ਹਸਪਤਾਲਾਂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਤਕਰੀਬਨ 22,000 ਹੋ ਗਈ ਹੈ ਜੋ ਕਿ ਸੂਬੇ ਦੇ ਮਾਡਲ ਪ੍ਰੋਜੈਕਟ ਅਨੁਸਾਰ 1 ਫਰਵਰੀ ਤੱਕ 30,000 ਤੱਕ ਪਹੁੰਚ ਸਕਦੀ ਹੈ। 

ਕੈਲੀਫੋਰਨੀਆ ਵਿਚ ਹੇਲੋਵੀਨ ਅਤੇ ਥੈਂਕਸਗਿਵਿੰਗ ਦੇ ਬਾਅਦ ਕੋਰਨਾ ਮਾਮਲਿਆਂਦੇ ਵਾਧੇ ਨੇ ਹਸਪਤਾਲਾਂ ਵਿਚ ਮਰੀਜ਼ਾਂ ਦਾ ਰਿਕਾਰਡ ਵਾਧਾ ਕੀਤਾ ਹੈ। ਸੂਬੇ ਵਿਚ ਲਾਸ ਏਂਜਲਸ ਅਤੇ ਹੋਰ ਵਾਇਰਸ ਪ੍ਰਭਾਵਿਤ ਖੇਤਰਾਂ ਵਿਚ ਬਹੁਤ ਸਾਰੇ ਹਸਪਤਾਲ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸਿਹਤ ਸਹੂਲਤਾਂ ਨੂੰ ਜਾਰੀ ਰੱਖਣ ਲਈ ਸੰਘਰਸ਼ ਕਰ ਰਹੇ ਹਨ । ਲਾਸ ਏਂਜਲਸ ਕਾਉਂਟੀ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਵਿਚ 20,000 ਨਵੇਂ ਰੋਜ਼ਾਨਾ ਮਾਮਲਿਆਂ ਨੂੰ ਦਰਸਾਇਆ ਗਿਆ ਹੈ ਜੋ ਕਿ ਪਿਛਲੇ ਹਫ਼ਤੇ ਦੇ ਮਾਮਲਿਆਂ ਦੀ ਔਸਤ ਤੋਂ ਉੱਪਰ ਹੈ।

ਸ਼ਨੀਵਾਰ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਕਾਉਂਟੀ ਨੇ 12,000 ਮੌਤਾਂ ਨੂੰ ਪਾਰ ਕਰ ਲਿਆ ਹੈ, ਜਿਨ੍ਹਾਂ ਵਿਚੋਂ 1000 ਪਿਛਲੇ ਚਾਰ ਦਿਨਾਂ ਵਿਚ ਹੀ ਹੋਈਆਂ ਹਨ। ਕੈਲੀਫੋਰਨੀਆ ਵਿਚ ਲਾਸ ਏਂਜਲਸ ਕਾਉਂਟੀ ਸੂਬੇ ਦੀ ਆਬਾਦੀ ਦਾ ਚੌਥਾ ਹਿੱਸਾ ਹੈ ਪਰ 40 ਫ਼ੀਸਦੀ ਕੋਵਿਡ-19 ਮੌਤਾਂ ਇਸ ਖੇਤਰ ਦੇ ਹਿੱਸੇ ਆ ਰਹੀਆਂ ਹਨ।
 


Sanjeev

Content Editor

Related News