ਕੋਰੋਨਾ ਆਫ਼ਤ : ਸਿਡਨੀ ''ਚ ਕੇਸ ਪਹੁੰਚੇ 4 ਹਜ਼ਾਰ ਤੋਂ ਪਾਰ
Wednesday, Aug 04, 2021 - 02:49 PM (IST)
ਸਿਡਨੀ (ਸਨੀ ਚਾਂਦਪੁਰੀ): ਸਿਡਨੀ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੋਰੋਨਾ ਨਾਲ ਸੰਕਰਮਿਤ ਕੇਸ ਲਗਾਤਾਰ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬੁੱਧਵਾਰ ਨੂੰ ਦਰਜ ਹੋਏ ਅੰਕੜਿਆਂ ਵਿੱਚ 233 ਕੇਸ ਸਾਹਮਣੇ ਆਏ ਹਨ। ਜੋ ਕਿ ਕੱਲ੍ਹ ਨਾਲ਼ੋਂ ਵੱਧ ਹਨ। ਅੱਜ ਦੇ ਅੰਕੜੇ ਆਉਣ ਨਾਲ ਸਿਡਨੀ ਵਿੱਚ ਕੁੱਲ ਕੇਸਾਂ ਦੀ ਗਿਣਤੀ 4000 ਤੋਂ ਪਾਰ ਹੋ ਗਈ।
ਸਿਡਨੀ ਵਿੱਚ ਕੁੱਲ ਕੇਸ 4063 ਹੋ ਗਏ ਹਨ। ਨਿਊ ਸਾਊਥ ਵੇਲਜ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਪੁਸ਼ਟੀ ਕੀਤੀ ਕਿ ਦੱਖਣ -ਪੱਛਮੀ ਸਿਡਨੀ ਦੇ ਇੱਕ ਵਿਅਕਤੀ ਜਿਸ ਦੀ ਉਮਰ 20 ਸਾਲ ਹੈ, ਮੰਗਲਵਾਰ ਨੂੰ ਉਸਦੀ ਹਾਲਤ ਅਚਾਨਕ ਖਰਾਬ ਹੋਣ ਤੋਂ ਬਾਅਦ ਘਰ ਵਿੱਚ ਹੀ ਵਾਇਰਸ ਨਾਲ ਉਸਦੀ ਮੌਤ ਹੋ ਗਈ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜ ਵਿੱਚ ਮਰਨ ਵਾਲਾ ਇਹ ਵਿਅਕਤੀ ਸਭ ਤੋਂ ਛੋਟੀ ਉਮਰ ਦਾ ਕੋਵਿਡ ਮਰੀਜ਼ ਹੈ। 20 ਸਾਲਾ ਨੌਜਵਾਨ ਦੀ ਮੌਤ ਇਹ ਸਾਬਿਤ ਕਰਦੀ ਹੈ ਕਿ ਇਹ ਵਾਇਰਸ ਬਜ਼ੁਰਗਾਂ ਦੀ ਤਰ੍ਹਾਂ ਹੀ ਨੌਜਵਾਨਾਂ 'ਤੇ ਵੀ ਪ੍ਰਭਾਵ ਪਾਉਂਦਾ ਹੈ।
ਪੜ੍ਹੋ ਇਹ ਅਹਿਮ ਖਬਰ -NSW 'ਚ ਕੋਰੋਨਾ ਦੇ 233 ਨਵੇਂ ਮਾਮਲੇ ਦਰਜ, ਸਰਕਾਰ ਦੀ ਵਧੀ ਚਿੰਤਾ
ਨੌਜਵਾਨ ਦੀ ਮੌਤ ਸੰਬੰਧੀ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚਾਂਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨੌਜਵਾਨ ਕੋਵਿਡ ਦਾ ਮਰੀਜ਼ ਸੀ ਅਤੇ ਘਰ ਦੇ ਵਿੱਚ ਹੀ ਕੁਆਰੰਟੀਨ ਕੀਤਾ ਗਿਆ ਸੀ। ਕੁਆਰੰਟੀਨ ਸਮੇਂ ਦੱਖਣੀ-ਪੱਛਮੀ ਸਿਡਨੀ ਦੇ ਸਥਾਨਕ ਸਿਹਤ ਜ਼ਿਲ੍ਹੇ ਦੁਆਰਾ ਉਸ ਦੀ ਦੇਖ-ਭਾਲ਼ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਅਚਾਨਕ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਇਸ ਸਮੇਂ 286 ਕੋਵਿਡ ਮਰੀਜ਼ਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।