ਕੋਰੋਨਾ : ਸਵੀਡਨ ਸਰਕਾਰ ਨੂੰ ਭਾਰੀ ਪੈ ਸਕਦੀ ਹੈ ਗਲਤੀ, ਮਾਹਰਾਂ ਨੇ ਜਤਾਈ ਚਿੰਤਾ

Wednesday, Apr 15, 2020 - 12:17 AM (IST)

ਕੋਰੋਨਾ : ਸਵੀਡਨ ਸਰਕਾਰ ਨੂੰ ਭਾਰੀ ਪੈ ਸਕਦੀ ਹੈ ਗਲਤੀ, ਮਾਹਰਾਂ ਨੇ ਜਤਾਈ ਚਿੰਤਾ

ਸਟਾਕਹੋਮ (ਏ.ਐਫ.ਪੀ.)- ਸਵੀਡਨ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ 1000 ਨੂੰ ਪਾਰ ਕਰ ਗਈ। ਸਵੀਡਨ ਦੀ ਲੋਕ ਸਿਹਤ ਏਜੰਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ 11445 ਮਾਮਲੇ ਸਾਹਮਣੇ ਆਏ ਹਨ ਅਤੇ 1033 ਲੋਕਾਂ ਦੀ ਮੌਤ ਹੋਈ ਹੈ। ਏਜੰਸੀ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ ਕਿਉਂਕਿ ਈਸਟਰ ਮੌਕੇ 'ਤੇ ਛੁੱਟੀ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਯੂਰਪ ਦੇ ਹੋਰ ਦੇਸ਼ਾਂ ਦੇ ਉਲਟ ਸਵੀਡਨ ਵਿਚ ਲੌਕਡਾਊਨ ਨਹੀਂ ਲਗਾਇਆ ਗਿਆ ਹੈ। ਸੰਕਟ ਨਾਲ ਨਜਿੱਠਣ ਵਿਚ ਸਰਕਾਰ ਦੇ ਰਵੱਈਏ 'ਤੇ ਮਾਹਰਾਂ ਨੇ ਚਿੰਤਾ ਵੀ ਜਤਾਈ ਹੈ।

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਕਹਿਰ ਵਰ੍ਹਾ ਰਿਹਾ ਹੈ। ਯੂਰਪ ਤੇ ਅਮਰੀਕਾ 'ਤੇ ਇਸ ਦੀ ਸਭ ਤੋਂ ਜ਼ਿਆਦਾ ਮਾਰ ਪਈ ਹੈ, ਜਿਸ ਨੂੰ ਦੇਖਦਿਆਂ ਹੋਇਆਂ ਕਈ ਮੁਲਕਾਂ ਦੀਆਂ ਸਰਕਾਰਾਂ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਤਾਂ ਜੋ ਇਸ ਨਾਲ ਜ਼ਿਆਦਾ ਨੁਕਸਾਨ ਨਾ ਹੋ ਸਕੇ। ਕਈ ਮੁਲਕਾਂ ਦੀਆਂ ਸਰਕਾਰਾਂ ਵਲੋਂ ਇਸ ਨੂੰ ਰੋਕਣ ਲਈ ਵੈਕਸੀਨ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਇਸ ਵਾਇਰਸ ਨੂੰ ਨੱਥ ਪਾਈ ਜਾ ਸਕੇ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 1,981,941 ਲੋਕ ਪੀੜਤ ਹਨ, ਜਦੋਂ ਕਿ 125,079 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ 466,244 ਮਰੀਜ਼ ਅਜਿਹੇ ਹਨ, ਜਿਹੜੇ ਇਸ ਵਾਇਰਸ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ।


author

Sunny Mehra

Content Editor

Related News