ਖਾਲਸਾ ਸਿੱਖ ਵਿਰਾਸਤੀ ਸ਼ਾਸ਼ਤਰ ਦਿਵਸ ਸਬੰਧੀ ਸੱਦੀ ਮੀਟਿੰਗ ''ਚ ਹੋਇਆ ਵਿਵਾਦ

Thursday, Sep 25, 2025 - 04:45 PM (IST)

ਖਾਲਸਾ ਸਿੱਖ ਵਿਰਾਸਤੀ ਸ਼ਾਸ਼ਤਰ ਦਿਵਸ ਸਬੰਧੀ ਸੱਦੀ ਮੀਟਿੰਗ ''ਚ ਹੋਇਆ ਵਿਵਾਦ

ਰੋਮ (ਦਲਵੀਰ ਕੈਂਥ)- ਇਟਲੀ ਵਿੱਚ ਜਿਸ ਚੜ੍ਹਦੀ ਕਲਾ ਨਾਲ ਸਿੱਖ ਸੰਗਤਾਂ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੇਵਾ ਵਿੱਚ ਰਹਿੰਦੀਆਂ ਹਨ, ਉਹ ਕਾਬਿਲੇ ਤਾਰੀਫ਼ ਹੈ। ਸਾਰਾ ਸਾਲ ਇਟਲੀ ਭਰ ਵਿੱਚ ਮਹਾਨ ਸਿੱਖ ਧਰਮ ਦੇ ਲਾਸਾਨੀ ਕੁਰਬਾਨੀਆਂ ਨਾਲ ਭਰੇ ਇਤਿਹਾਸ ਦੀਆਂ ਬਾਤਾਂ ਪੈਂਦੀਆਂ ਰਹਿੰਦੀਆਂ ਹਨ। ਪਰ ਇਸ ਦੇ ਬਾਵਜੂਦ ਕੁਝ ਅਜਿਹੇ ਸਖ਼ਸ ਵੀ ਹਨ, ਜੋ ਸਿੱਖੀ ਸਿਧਾਂਤ ਨੂੰ ਛਿੱਕੇ ਟੰਗ ਆਪਣੀਆਂ ਚਲਾਉਂਦੇ ਹਨ, ਜਿਨ੍ਹਾਂ ਦਾ ਖਾਮਿਆਜ਼ਾ ਸਾਰੀ ਸੰਗਤ ਨੂੰ ਭੁਗਣਾ ਪੈਂਦਾ ਹੈ।

ਅਜਿਹਾ ਹੀ ਮਾਮਲਾ ਇਟਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਪ੍ਰਬੰਧਕ ਨੇ ਦੁਸਹਿਰੇ ਮੌਕੇ ਕਰਵਾਏ ਜਾਂਦੇ ਖਾਲਸਾ ਸਿੱਖ ਵਿਰਾਸਤੀ ਸ਼ਾਸ਼ਤਰ ਦਿਵਸ ਸਬੰਧੀ ਜਿੰਮੇਵਾਰ ਆਗੂਆਂ ਦੀ ਵਿਸੇ਼ਸ ਮੀਟਿੰਗ ਬੁਲਾਉਂਦੀ ਹੈ ਜਿਸ ਵਿੱਚ ਇਸ ਪ੍ਰੋਗਰਾਮ ਨੂੰ ਲੈ ਵਿਵਾਦ ਹੋ ਗਿਆ। ਗਰਮ ਦਲ ਆਗੂਆਂ ਦਾ ਧੜਾ ਇਹ ਕਹਿ ਰਿਹਾ ਸੀ ਕਿ ਦੁਸ਼ਹਿਰੇ ਦਾ ਸਿੱਖ ਇਤਿਹਾਸ ਵਿੱਚ ਕੋਈ ਮਹੱਤਵ ਨਹੀਂ ਜਦੋਂ ਕਿ ਦੂਜੇ ਨਰਮ ਦਲ ਧੜਾ ਇਹ ਕਹਿ ਰਿਹਾ ਸੀ ਇਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਆਪਣੇ ਸ਼ਾਸ਼ਤਰਾਂ ਦੀ ਪੂਜਾ ਕਰਦੇ ਸਨ।ਇਹ ਮੀਟਿੰਗ ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਜਿਸ ਵਿੱਚ ਇੱਕ ਧੜੇ ਨੇ ਦੂਜੇ ਧੜੇ ਨੂੰ ਸਿੱਖੀ ਸਿਧਾਂਤ ਨੂੰ ਲਾਂਭੇ ਕਰ ਭੱਦੀ ਸ਼ਬਦਾਂਵਲੀ ਵੀ ਬੋਲ ਦਿੱਤਾ। ਜਿਸ ਕਾਰਨ ਮੀਟਿੰਗ ਵਿੱਚ ਕਾਫ਼ੀ ਖਟਾਸ ਪੈਦਾ ਹੋ ਗਈ ਤੇ ਇਸ ਨੂੰ ਬੰਦ ਕਰ ਦਿੱਤਾ ਗਿਆ। ਜਿਨ੍ਹਾਂ ਦੋਵਾਂ ਧੜਿਆਂ ਦੀ ਮੀਟਿੰਗ ਵਿੱਚ ਤੂੰ-ਤੂੰ ਮੈਂ-ਮੈਂ ਹੋਈ ਸੀ ਉਹੀ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਸ਼ਾਮ ਸਮੇਂ ਇੰਝ ਫਸੇ ਕਿ ਇਨ੍ਹਾਂ ਇੱਕ ਦੂਜੇ ਦੀਆਂ ਦਸਤਾਰਾਂ ਵੀ ਲਾਹ ਉਨ੍ਹਾਂ ਦੀ ਬੇਅਦਬੀ ਤਾਂ ਕੀਤੀ ਹੀ ਨਾਲ ਹੀ ਇੱਕ ਨੌਜਵਾਨ ਦੀ ਲੱਤ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ।
ਇਸ ਨਿੰਦਰਯੋਗ ਘਟਨਾ ਦੀ ਗੂੰਜ ਇਟਲੀ ਦੇ ਚੁਫੇਰੇ ਪਈ ਪਰ ਅਫ਼ਸੋਸ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਬਹੁਤੇ ਗੂੰਗੇ-ਬੋਲੇ ਬਣ ਗਏ ਕਿਸੇ ਵੀ ਸਿੱਖ ਆਗੂ ਜਾਂ ਸਿੱਖ ਜੱਥੇਬੰਦੀ ਨੇ ਇਸ ਘਟਨਾ ਦੀ ਨਾ ਕੋਈ ਨਿਖੇਧੀ ਕੀਤੀ ਅਤੇ ਨਾਂਹੀ ਕਿਸੇ ਖਿਲਾਫ਼ ਕੋਈ ਕਾਰਵਾਈ। ਜਦੋਂ ਪ੍ਰੈੱਸ ਨੇ ਲੜਨ ਵਾਲੇ ਦੋਨਾਂ ਧੜਿਆ ਨਾਲ ਘਟਨਾ ਦੇ ਕਾਰਨ ਸੰਬਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਲੜਾਈ ਨੂੰ ਪੁਰਾਣੀ ਰੰਜਿਸ਼ ਦੱਸਿਆ ਤੇ ਨਾਲ ਹੀ ਕਿਹਾ ਉਹ ਖ਼ਬਰ ਨਾ ਪ੍ਰਕਾਸਿ਼ਤ ਕਰਨ ਕਿਉਂਕਿ ਉਨ੍ਹਾਂ ਦਾ ਮਸਲਾ ਲੱਗਭਗ ਨਿਬੜ ਹੀ ਗਿਆ ਹੈ। ਸੁਆਲ ਹੁਣ ਇਹ ਉੱਠ ਦਾ ਹੈ ਕਿ ਜਿਸ ਲੜਾਈ ਵਿੱਚ ਚਿੱਟੇ ਦਿਨ ਸਿੱਖੀ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਗਈਆਂ। ਉਸ ਲਈ ਗੁਰ ਸਾਹਿਬ ਤੇ ਸੰਗਤ ਤੋਂ ਕੌਣ ਖਿਮਾ ਜਾਚਨਾ ਕਰੇਗਾ। ਇਨ੍ਹਾਂ ਦੋਨਾਂ ਧੜਿਆਂ ਦੀ ਲੜਾਈ ਨਾਲ ਪ੍ਰਸ਼ਾਸ਼ਨ ਵਿੱਚ ਸਿੱਖਾਂ ਦੇ ਅਕਸ ਸੰਬਧੀ ਮਾੜਾ ਸੁਨੇਹਾ ਗਿਆ ਉਸ ਦਾ ਜਵਾਬ ਦੇਹ ਕੌਣ ਹੈ। ਗੌਰਤਲਬ ਹੈ ਕਿ ਇਟਲੀ ਭਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਲੜਾਈਆਂ ਤੇ ਹੋਰ ਘਟਨਾਵਾਂ ਸਾਡੇ ਮਹਾਨ ਸਿੱਖ ਧਰਮ ਦੀ ਇਟਲੀ ਵਿੱਚ ਰਜਿਸਟ੍ਰੇਸ਼ਨ ਉਪੱਰ ਰੌੜਾ ਬਣ ਖੜ ਰਹੀਆਂ ਹਨ। ਲੜਾਈ ਆਗੂਆਂ ਦੀ ਖਮਿਆਜਾ ਵਿਚਾਰੀ ਸੰਗਤ ਨੂੰ ਸਰਕਾਰੇ-ਦਰਬਾਰੇ ਜਲੀਲ ਹੋ ਭੁਗਤਣਾ ਪੈ ਰਿਹਾ। ਇਟਲੀ ਦੀਆਂ ਸਿੱਖ ਸੰਗਤਾਂ ਹੱਡ-ਭੰਨਵੀਂ ਮਿਹਨਤ ਮੁਸ਼ਕਤ ਦੀ ਕਮਾਈ ਵਿੱਚੋਂ ਆਈ ਦਸੌਂਧ ਦਾ ਲੱਖਾਂ ਯੂਰੋ ਹਰ ਸਾਲ ਨਗਰ ਕੀਰਤਨਾਂ ਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਇਸ ਕਾਰਨ ਖਰਚ ਰਹੀਆਂ ਹਨ ਤਾਂ ਜੋ ਇਟਲੀ ਸਰਕਾਰ, ਪੁਲਸ ਪ੍ਰਸ਼ਾਸ਼ਨ ਤੇ ਇਟਾਲੀਅਨ ਲੋਕਾਂ ਨੂੰ ਮਹਾਨ ਸਿੱਖ ਧਰਮ ਦੀ ਮਹਾਨਤਾ ਤੇ ਮਹੱਤਵਤਾ ਦਾ ਪਤਾ ਲੱਗ ਸਕੇ ਤੇ ਸਹਿਜੇ ਇਟਲੀ ਵਿੱਚ ਮਹਾਨ ਸਿੱਖ ਧਰਮ ਰਜਿਸਟਰਡ ਹੋ ਸਕੇ। ਇਸ ਕਾਰਜ ਲਈ ਸਿੱਖ ਸੰਗਤਾਂ ਦੀ ਅਗਵਾਈ ਕਰਦੀਆਂ ਸਿਰਮੌਰ ਜੱਥੇਬੰਦੀਆਂ ਨੇ ਮਹਿੰਗੇ ਭਾਅ ਦੇ ਦੋਹਰੇ-ਦੋਹਰੇ ਵਕੀਲ ਵੀ ਕੀਤੇ ਹੋਏ ਹਨ ਪਰ ਅਫ਼ਸੋਸ ਇਟਲੀ ਵਿੱਚ ਕੁਝ ਸਿੱਖ ਸਮਾਜ ਦੇ ਬੰਦਿਆਂ ਵੱਲੋਂ ਸਿੱਖੀ ਵਿਰੋਧੀ ਆਪਣੀਆਂ ਨਿੰਦਰਯੋਗ ਕਾਰਵਾਈਆਂ ਨਾਲ ਇਟਲੀ ਦੇ ਸਿੱਖ ਸਮਾਜ ਦੇ ਅਕਸ ਨੂੰ ਖੋਰਾ ਲਗਾਉਣ ਦੀਆ ਨਾਕਾਮਯਾਬ ਕਾਰਵਾਈਆਂ ਕੀਤੀਆਂ ਜਾਂ ਰਹੀਆਂ ਹਨ। ਇਨ੍ਹਾਂ ਕਾਰਵਾਈਆਂ ਵਿੱਚ ਅਹਿਮ ਹਨ ਗੁਰਦੁਆਰਾ ਸਾਹਿਬ ਵਿੱਚ ਚੌਧਰ ਨੂੰ ਲੈ ਕੀਤੀਆਂ ਜਾ ਰਹੀਆਂ ਲੜਾਈ, ਸੰਗਤ ਦੇ ਦਸੌਂਧ ਨਾਲ ਖਰੀਦੀਆਂ ਗੁਰੂਘਰਾਂ ਦੀਆਂ ਇਮਾਰਤਾਂ ਨੂੰ ਆਪਣੇ ਨਿਜੀ ਨਾਮ ਕਰਵਾ ਲੈਣਾ ਤੇ ਚਿੱਟੇ ਦਿਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾਣਾ।
ਜਿ਼ਕਰਯੋਗ ਹੈ ਕਿ ਜਦੋਂ ਕੋਈ ਆਮ ਬੰਦਾ ਇਟਲੀ ਵਿੱਚ ਸਿੱਖੀ ਸਿਧਾਤਾਂ ਅਨੁਸਾਰ ਅਣਜਾਣਪੁਣੇ ਵਿੱਚ ਕੁਤਾਹੀ ਕਰ ਲੈਂਦਾ ਤਾਂ ਉਸ ਨੂੰ ਭੁੱਲ ਬਖ਼ਸਾੳਂਣੀ ਪੈਂਦੀ ਹੈ। ਪਰ ਜਦੋਂ ਬਹੁਤੇ ਸਿੱਖ ਆਗੂਆਂ ਵੱਲੋਂ ਜਾਣਬੁੱਝ ਕਿ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਤਾਂ ਇਹੀ ਆਗੂ ਗੱਲ ਨੂੰ ਦੱਬਣ ਲਈ ਅੱਡੀਆਂ ਚੁੱਕ ਜੋਰ ਲਗਾਉਂਦੇ ਹਨ ਤਾਂ ਜੋ ਕਿਤੇ ਸੰਗਤ ਨੂੰ ਨਾ ਪਤਾ ਲੱਗ ਸਕੇ।ਜੇਕਰ ਕੋਈ ਮੀਡੀਆ ਕਰਮੀ ਇਨਾਂ ਆਗੂਆਂ ਨੂੰ ਪੁੱਛਦਾ ਹੈ ਤਾਂ ਉਸ ਦੇ ਖਿਲਾਫ਼ ਇਹ ਸਾਰੇ ਡਾਰ ਬੰਨ ਤੁਰ ਪੈਂਦੇ ਹਨ ਤੇ ਉਸ ਨੂੰ ਸਿੱਖੀ ਵਿਰੋਧੀ ਹੋਣ ਦਾ ਤਮਗਾ ਦਿੰਦੇ ਨਹੀਂ ਥੱਕਦੇ। ਕੀ ਇਟਲੀ ਦੀ ਸਿੱਖ ਸੰਗਤ ਇੰਝ ਹੀ ਕੁਝ ਆਗੂਆਂ ਵੱਲੋਂ ਸਿੱਖੀ ਸਿਧਾਂਤ ਦੀ ਕੀਤੀ ਜਾ ਰਹੀ ਉਲੰਘਣਾ ਨੂੰ ਮੂਕ ਦਰਸ਼ਕ ਬਣ ਦੇਖਦੀ ਰਹੀ ਜਾਂ ਇਹ ਮਾਮਲਾ ਸਿੱਖਾਂ ਦੇ ਸਿਰਮੌਰ ਤਖ਼ਤ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਦੇ ਧਿਆਨ ਹਿੱਤ ਲਿਆਉਣਗੇ।
 


author

Hardeep Kumar

Content Editor

Related News