ਇਟਲੀ ''ਚ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਯਾਦ ਵਿੱਚ ਤਿੰਨ ਰੋਜ਼ਾ ਸਮਾਗਮ ਆਯੋਜਿਤ
Tuesday, Sep 16, 2025 - 01:06 PM (IST)

ਮਿਲਾਨ (ਸਾਬੀ ਚੀਨੀਆ)- ਮਹਾਨ ਤਪੱਸਵੀ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਸਲਾਨਾ ਬਰਸੀ ਹਰ ਸਾਲ ਪੰਜਾਬ ਵਿੱਚ ਉਨ੍ਹਾਂ ਦੇ ਅਸਥਾਨਾਂ 'ਤੇ ਸਮੂਹ ਸੰਗਤਾਂ ਵਲੋਂ ਬਹੁਤ ਹੀ ਅਦਬ-ਸਤਿਕਾਰ ਤੇ ਸ਼ਰਧਾ ਨਾਲ ਮਨਾਈ ਜਾਂਦੀ ਹੈ। ਉਥੇ ਹੀ ਇਟਲੀ ਵਿੱਚ ਹਰ ਸਾਲ ਸੰਗਤਾਂ ਵੱਲੋਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਉ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਸਮਾਗਮ 'ਚ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾ ਨਾਲ ਭੋਗ ਪਾਏ ਗਏ ਉਪਰੰਤ ਭਾਈ ਮਨਿੰਦਰ ਸਿੰਘ ਖਾਲਸਾ (ਬਟਾਲੇ ਵਾਲਿਆਂ) ਦੇ ਕੀਰਤਨੀ ਜੱਥੇ ਵਲੋਂ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਦੂਰੋਂ ਨੇੜਿਓਂ ਇਲਾਕੇ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਸਰਵਣ ਕੀਤੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਜੀ ਆਇਆਂ ਆਖ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਇਸ ਸਮਾਗਮ ਵਿੱਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e