ਕਾਰਨੀ ਦੀ ਯਾਤਰਾਂ ਤੋਂ ਪਹਿਲਾਂ ਕੈਨੇਡਾ ਦਾ ਭਾਰਤ ਖਿਲਾਫ ਵੱਡਾ ਕਦਮ! ਛਿੜਿਆ ਨਵਾਂ ਵਿਵਾਦ

Saturday, Jan 17, 2026 - 07:31 PM (IST)

ਕਾਰਨੀ ਦੀ ਯਾਤਰਾਂ ਤੋਂ ਪਹਿਲਾਂ ਕੈਨੇਡਾ ਦਾ ਭਾਰਤ ਖਿਲਾਫ ਵੱਡਾ ਕਦਮ! ਛਿੜਿਆ ਨਵਾਂ ਵਿਵਾਦ

ਓਟਾਵਾ/ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਸਬੰਧਾਂ ਵਿੱਚ ਆਈ ਕੁੜੱਤਣ ਨੂੰ ਘੱਟ ਕਰਨ ਲਈ ਜਿੱਥੇ ਦੋਵਾਂ ਦੇਸ਼ਾਂ ਵੱਲੋਂ ਕੂਟਨੀਤਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਕੈਨੇਡਾ ਸਰਕਾਰ ਦੇ ਇੱਕ ਤਾਜ਼ਾ ਕਦਮ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਮਾਰਕ ਕਾਰਨੀ ਦੇ ਪ੍ਰਸਤਾਵਿਤ ਭਾਰਤ ਦੌਰੇ ਤੋਂ ਠੀਕ ਪਹਿਲਾਂ, ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਨਵੀਂ ਅੰਤਰਰਾਸ਼ਟਰੀ ਯਾਤਰਾ ਐਡਵਾਈਜ਼ਰੀ ਜਾਰੀ ਕਰਦਿਆਂ ਭਾਰਤ ਨੂੰ ‘ਉੱਚ ਪੱਧਰੀ ਚੌਕਸੀ’ (High Degree of Caution) ਵਾਲੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਇਸ ਫੈਸਲੇ ਕਾਰਨ ਭਾਰਤ ਵਿੱਚ ਕਾਫੀ ਨਾਰਾਜ਼ਗੀ ਦੇਖੀ ਜਾ ਰਹੀ ਹੈ ਅਤੇ ਇਸ ਨੂੰ ਦੁਵੱਲੇ ਸਬੰਧਾਂ ਨਾਲ 'ਭਾਵਨਾਤਮਕ ਖਿਲਵਾੜ' ਦੱਸਿਆ ਜਾ ਰਿਹਾ ਹੈ।

ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸ਼੍ਰੇਣੀ ’ਚ ਰੱਖਿਆ
ਭਾਰਤ ਨੂੰ ਕੈਨੇਡਾ ਸਰਕਾਰ ਨੇ ਜਨਵਰੀ ਦੇ ਦੂਜੇ ਹਫਤੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਅਪਡੇਟ ਕੀਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਕੁਝ ਦੇਸ਼ਾਂ ਵਿੱਚ ਸਿਆਸੀ ਅਸਥਿਰਤਾ, ਹਥਿਆਰਬੰਦ ਸੰਘਰਸ਼, ਸੁਰੱਖਿਆ ਖ਼ਤਰੇ ਅਤੇ ਸੀਮਤ ਕੌਂਸਲਰ ਸਹਾਇਤਾ ਵਰਗੇ ਜੋਖਮ ਮੌਜੂਦ ਹਨ। ਇਸੇ ਆਧਾਰ 'ਤੇ ਭਾਰਤ ਨੂੰ ਬੇਹੱਦ ਸਖ਼ਤ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਕੈਨੇਡਾ ਨੇ ਭਾਰਤ ਦੀ ਯਾਤਰਾ 'ਤੇ ਪੂਰਨ ਪਾਬੰਦੀ ਨਹੀਂ ਲਗਾਈ, ਪਰ ਭਾਰਤ ਨੂੰ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ, ਈਰਾਨ, ਯਮਨ ਅਤੇ ਦੱਖਣੀ ਸੂਡਾਨ ਵਰਗੇ ਦੇਸ਼ਾਂ ਦੀ ਸੂਚੀ ਵਿੱਚ ਖੜ੍ਹਾ ਕਰਨਾ ਕਈ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।

ਦੁਵੱਲੇ ਸਬੰਧਾਂ ’ਤੇ ਪਵੇਗਾ ਮਾੜਾ ਅਸਰ
ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਅਤੇ ਵੈਨਕੂਵਰ (ਕੈਨੇਡਾ) ਵਿੱਚ ਰਹਿ ਰਹੇ ਲੁਧਿਆਣਾ ਦੇ ਵਸਨੀਕ ਪਰਮਿੰਦਰ ਦੱਤ ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਸੂਚੀ ਵਿੱਚ ਸ਼ਾਮਲ ਕਰਨਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਅਨੁਸਾਰ, ਕੈਨੇਡਾ ਐਡਵਾਈਜ਼ਰੀ ਦੀ ਭਾਸ਼ਾ ਵਿੱਚ ਨਰਮੀ ਵਰਤ ਸਕਦਾ ਸੀ ਤਾਂ ਜੋ ਸੁਨੇਹਾ ਇੰਨਾ ਹਮਲਾਵਰ ਨਾ ਲੱਗਦਾ, ਪਰ ਵਰਤੀ ਗਈ ਭਾਸ਼ਾ ਕਾਫੀ ਸਖ਼ਤ ਹੈ।

ਪੁਰਾਣੀ ਤਲਖ਼ੀ ਅਜੇ ਵੀ ਬਰਕਰਾਰ
ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸੰਭਾਵਿਤ ਸ਼ਮੂਲੀਅਤ ਦੇ ਦੋਸ਼ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਬੇਹੱਦ ਖਰਾਬ ਹੋ ਗਏ ਸਨ। ਹੁਣ ਜਦੋਂ ਦੋਵੇਂ ਦੇਸ਼ ਰਿਸ਼ਤਿਆਂ ਨੂੰ ਮੁੜ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਜਿਹੇ ਸਮੇਂ ਕੈਨੇਡਾ ਦੀ ਇਹ ਨਵੀਂ ਟ੍ਰੈਵਲ ਐਡਵਾਈਜ਼ਰੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News