ਕੇਰਲ ''ਚ ਛੇਤੀ ਖੁਲ੍ਹਣਗੇ ਠੇਕੇ, ਆਨਲਾਈਨ ਹੋਵੇਗੀ ਵਿਕਰੀ
Thursday, May 14, 2020 - 10:15 PM (IST)
ਤਿਰੁਅਨੰਤਪੁਰਮ (ਭਾਸ਼ਾ)- ਕੇਰਲ ਸਰਕਾਰ ਨੇ ਸ਼ੁੱਕਰਵਾਰ ਨੂੰ ਸ਼ਰਾਬ ਦੇ ਸ਼ੌਕੀਨਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਛੇਤੀ ਹੀ ਸ਼ਰਾਬ ਦੀਆਂ ਦੁਕਾਨਾਂ (ਠੇਕੇ) ਖੋਲ ਦਿੱਤੀਆਂ ਜਾਣਗੀਆਂ ਅਤੇ ਭੀੜ ਜਮਾਂ ਨਾ ਹੋਵੇ ਇਹ ਯਕੀਨੀ ਕਰਨ ਲਈ ਇਸ ਦੀ ਆਨਲਾਈਨ ਵਿਕਰੀ ਸ਼ੁਰੂ ਕੀਤੀ ਜਾਵੇਗੀ। ਸਰਕਾਰ ਨੇ ਕਿਹਾ ਉਸ ਵਲੋਂ ਚਲਾਏ ਜਾ ਰਹੇ 301 ਸ਼ਰਾਬ ਘਰਾਂ ਨੂੰ ਖੋਲ੍ਹਣ ਦੀ ਤਰੀਕ ਅਜੇ ਤੈਅ ਨਹੀਂ ਹੈ ਅਤੇ ਸਮਾਜਿਕ ਦੂਰੀ ਯਕੀਨੀ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
24 ਮਾਰਚ ਨੂੰ ਰਾਸ਼ਟਰਵਿਆਪੀ ਲਾਕ ਡਾਊਨ ਲਾਗੂ ਹੋਣ ਤੋਂ ਬਾਅਦ ਕੇਰਲ 'ਚ ਸ਼ਰਾਬ ਦੀਆਂ ਦੁਕਾਨਾਂ ਬੰਦ ਹਨ। ਹਾਲਾਂਕਿ ਗੁਆਂਢੀ ਕਰਟਨਾਕ ਅਤੇ ਆਂਧਰਾ ਪ੍ਰਦੇਸ਼ ਸਣੇ ਵੱਖ-ਵੱਖ ਸੂਬਿਆਂ ਵਿਚ ਚਾਰ ਮਈ ਨੂੰ ਲਾਕ ਡਾਊਨ ਦਾ ਦੂਜਾ ਪੜਾਅ ਖਤਮ ਹੋਣ ਤੋਂ ਬਾਅਦ ਸ਼ਰਾਬ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਸੂਬੇ ਦੇ ਆਬਕਾਰੀ ਮੰਤਰੀ ਟੀ.ਪੀ. ਰਾਮਕ੍ਰਿਸ਼ਨ ਨੇ ਕਿਹਾ ਕਿ ਪੂਰੇ ਦੇਸ਼ ਵਿਚ ਸ਼ਰਾਬ ਦੀਆਂ ਦੁਕਾਨਾਂ ਖੁਲ੍ਹੀਆਂ ਹਨ। ਕੇਰਲ ਵਿਚ ਵੀ ਦੁਕਾਨਾਂ ਖੋਲ੍ਹੀਆਂ ਜਾਣਗੀਆਂ, ਪਰ ਤਰੀਕ ਤੈਅ ਨਹੀਂ ਹੈ। ਸਾਡੇ ਕੋਲ 301 ਦੁਕਾਨਾਂ ਹਨ ਅਤੇ ਸਾਰਿਆਂ ਨੂੰ ਇਕੱਠੇ ਖੋਲ੍ਹਣ ਦੀ ਵਿਵਸਥਾ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਲੋਕ ਇਕ ਪੋਰਟਲ ਰਾਹੀਂ ਸ਼ਰਾਬ ਦੀ ਆਨਲਾਈਨ ਬੁਕਿੰਗ ਕਰਕੇ ਈ-ਟੋਕਨ ਪ੍ਰਾਪਤ ਕਰ ਸਕਣਗੇ। ਭੁਗਤਾਨ ਤੋਂ ਬਾਅਦ ਦੁਕਾਨਾਂ ਜਾਂ ਬਾਰ ਉਸ ਦੀ ਡਿਲੀਵਰੀ ਕਰਣਗੇ।