ਯਾਤਰੀ ਨੂੰ ਫਲਾਈਟ 'ਚ ਫਾਸਟ ਫੂਡ ਲਿਜਾਣਾ ਪਿਆ ਮਹਿੰਗਾ, ਲੱਗਾ ਲੱਖਾਂ ਦਾ ਜੁਰਮਾਨਾ
Monday, Aug 01, 2022 - 03:08 PM (IST)
ਕੈਨਬਰਾ (ਬਿਊਰੋ): ਇੰਡੋਨੇਸ਼ੀਆ ਤੋਂ ਆਸਟ੍ਰੇਲੀਆ ਪਹੁੰਚਣ ਵਾਲੇ ਇੱਕ ਯਾਤਰੀ ਨੂੰ ਲਗਭਗ 2,000 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਏਅਰਪੋਰਟ 'ਤੇ ਚੈਕਿੰਗ ਦੌਰਾਨ ਯਾਤਰੀ ਦੇ ਬੈਗ 'ਚੋਂ ਦੋ ਮੈਕਮਫਿਨਜ਼ ਅਤੇ ਇਕ ਹੈਮ ਕ੍ਰੋਇਸੈਂਟ ਮਿਲਿਆ। ਇੱਥੇ ਦੱਸ ਦਈਏ ਕਿ ਹੈਮ ਸੂਰ ਤੋਂ ਬਣਾਇਆ ਜਾਂਦਾ ਹੈ। ਇਸ ਯਾਤਰੀ ਨੇ ਆਪਣੇ ਬੈਗ ਵਿਚ ਗੁਪਤ ਢੰਗ ਨਾਲ ਆਂਡੇ ਅਤੇ ਮਾਸ ਲੁਕੋਇਆ ਹੋਇਆ ਸੀ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਬਾਇਓਸਕਿਊਰਿਟੀ ਡਿਟੈਕਟਰ ਡੌਗ ਜ਼ਿੰਟਾ ਨੇ ਆਸਟ੍ਰੇਲੀਆ ਦੇ ਡਾਰਵਿਨ ਹਵਾਈ ਅੱਡੇ 'ਤੇ ਪਾਬੰਦੀਸ਼ੁਦਾ ਆਂਡੇ ਅਤੇ ਮਾਸ ਨੂੰ ਸੁੰਘਿਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਯਾਤਰੀ ਨੂੰ ਫੜ ਲਿਆ ਅਤੇ ਲਗਭਗ 2,000 ਅਮਰੀਕੀ ਡਾਲਰ ਯਾਨੀ ਲਗਭਗ 1,58,236 ਰੁਪਏ ਦਾ ਜ਼ੁਰਮਾਨਾ ਲਗਾਇਆ।ਨਿਊਜ਼ ਏਜੰਸੀ ਏਐਫਪੀ ਦੀ ਖ਼ਬਰ ਮੁਤਾਬਕ ਆਸਟ੍ਰੇਲੀਆ ਦੇ ਖੇਤੀਬਾੜੀ ਮੰਤਰੀ ਮਰੇ ਵਾਟ ਨੇ ਕਿਹਾ ਕਿ ਇਸ ਯਾਤਰੀ ਲਈ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਾਣਾ ਰਿਹਾ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਆਸਟ੍ਰੇਲੀਆ ਵਿੱਚ ਬਹੁਤ ਸਖ਼ਤ ਜੀਵ ਸੁਰੱਖਿਆ ਕਾਨੂੰਨ ਹਨ। ਜੋ ਦੇਸ਼ ਦੇ ਵੱਡੇ ਖੇਤੀ ਉਦਯੋਗ ਨੂੰ ਆਯਤਿਤ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਬਣਾਏ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਸੰਸਦ 'ਚ ਨਵਾਂ ਬਿੱਲ ਪੇਸ਼, ਇੱਛਾ ਮੌਤ 'ਤੇ ਪਾਬੰਦੀ ਹਟਾਉਣ 'ਤੇ ਕੀਤਾ ਗਿਆ ਵਿਚਾਰ
ਪੈਰ ਅਤੇ ਮੂੰਹ ਦੀ ਬੀਮਾਰੀ ਦੇ ਫੈਲਣ ਤੋਂ ਬਾਅਦ ਅਧਿਕਾਰੀ ਹਾਈ ਅਲਰਟ 'ਤੇ
ਇੰਡੋਨੇਸ਼ੀਆ ਵਿੱਚ ਪੈਰ ਅਤੇ ਮੂੰਹ ਦੀ ਬੀਮਾਰੀ (foot and mouth disease) ਦੇ ਫੈਲਣ ਤੋਂ ਬਾਅਦ ਅਧਿਕਾਰੀ ਇਸ ਸਮੇਂ ਹਾਈ ਅਲਰਟ 'ਤੇ ਹਨ। ਉਦੋਂ ਤੋਂ ਇਸ ਦੇਸ਼ ਤੋਂ ਸਾਰੇ ਦਰਾਮਦ ਮੀਟ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬੀਮਾਰੀ ਨਾਲ ਮਨੁੱਖਾਂ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਪਸ਼ੂਆਂ ਲਈ ਇੱਕ ਗੰਭੀਰ ਅਤੇ ਬਹੁਤ ਜ਼ਿਆਦਾ ਛੂਤ ਵਾਲੀ ਵਾਇਰਲ ਬੀਮਾਰੀ ਹੈ।