ਜਾਪਾਨ ''ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੇ ਪਹਿਲੇ ਮਾਮਲੇ ਦੀ ਹੋਈ ਪੁਸ਼ਟੀ
Tuesday, Nov 30, 2021 - 04:16 PM (IST)
ਟੋਕੀਓ (ਭਾਸ਼ਾ)- ਜਾਪਾਨ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਵਿਚ ਨਾਮੀਬੀਆ ਤੋਂ ਪਰਤੇ ਇਕ ਵਿਅਕਤੀ ਵਿਚ ਲਾਗ ਦੀ ਪੁਸ਼ਟੀ ਹੋਈ ਹੈ। ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੁਨੋ ਨੇ ਕਿਹਾ ਕਿ ਐਤਵਾਰ ਨੂੰ ਹਵਾਈ ਅੱਡੇ 'ਤੇ ਪਹੁੰਚਿਆ 30-32 ਸਾਲ ਦਾ ਇਕ ਨੌਜਵਾਨ ਜਾਂਚ ਵਿਚ ਪਾਜ਼ੇਟਿਵ ਪਇਆ ਗਿਆ। ਉਸ ਨੂੰ ਵੱਖ ਕਰ ਦਿੱਤਾ ਗਿਆ ਸੀ ਅਤੇ ਹੁਣ ਹਸਪਤਾਲ ਵਿਚ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਕ ਜੀਨੋਮ ਵਿਸ਼ਲੇਸ਼ਣ ਵਿਚ ਮੰਗਲਵਾਰ ਨੂੰ ਪੁਸ਼ਟੀ ਹੋਈ ਕਿ ਉਹ ਕੋਰੋਨ ਵਾਇਰਸ ਦੇ ਉਸ ਨਵੇਂ ਵੇਰੀਐਂਟ ਨਾਲ ਪੀੜਤ ਹੈ, ਜਿਸ ਦੀ ਪਹਿਲੀ ਵਾਰ ਦੱਖਣੀ ਅਫਰੀਕਾ ਵਿਚ ਪਛਾਣ ਕੀਤੀ ਗਈ ਸੀ। ਜਾਪਾਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਵਾਇਰਸ ਦੇ ਨਵੇਂ ਵੇਰੀਐਂਟ ਵਿਰੁੱਧ ਐਮਰਜੈਂਸੀ ਸਾਵਧਾਨੀ ਕਦਮ ਵਜੋਂ ਮੰਗਲਵਾਰ ਤੋਂ ਸਾਰੇ ਵਿਦੇਸ਼ੀ ਸੈਲਾਨੀਆਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦੇਵੇਗਾ। ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਸ਼ੁਰੂਆਤੀ ਸਬੂਤਾਂ ਦੇ ਅਧਾਰ 'ਤੇ ਓਮੀਕਰੋਨ ਵੇਰੀਐਂਟ ਨਾਲ ਵਿਸ਼ਵ-ਵਿਆਪੀ ਜੋਖ਼ਮ "ਬਹੁਤ ਜ਼ਿਆਦਾ" ਹੈ ਅਤੇ ਕਿਹਾ ਕਿ ਇਸ ਦੇ "ਗੰਭੀਰ ਨਤੀਜੇ" ਹੋ ਸਕਦੇ ਹਨ।