ਅਮਰੀਕਾ ’ਚ ਸਿੱਖ ਇੰਡੀਪੈਂਡੈਂਸ ਡੈਕਲਾਰੇਸ਼ਨ ’ਤੇ ਮਚਿਆ ਹੰਗਾਮਾ
Saturday, May 07, 2022 - 02:54 PM (IST)
ਵਾਸ਼ਿੰਗਟਨ (ਵਿਸ਼ੇਸ਼)– ਪਿਛਲੇ ਮਹੀਨੇ 26 ਅਪ੍ਰੈਲ ਨੂੰ ਅਮਰੀਕਾ ’ਚ ਕਨੈਕਟੀਕਟ ਸਟੇਟ ਅਸੈਂਬਲੀ ਵੱਲੋਂ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਆਰਗੇਨਾਈਜ਼ੇਸ਼ਨ ‘ਵਰਲਡ ਸਿੱਖ ਪਾਰਲੀਆਮੈਂਟ’ ਨੂੰ ਉਸ ਦੇ ‘ਸਿੱਖ ਇੰਡੀਪੈਂਡੈਂਸ ਡੈਕਲਾਰੇਸ਼ਨ’ ਦੀ 36ਵੀਂ ਵਰ੍ਹੇਗੰਢ ’ਤੇ ਵਧਾਈ ਦੇਣ ਦੇ ਮਾਮਲੇ ’ਚ ਵਿਵਾਦ ਪੈਦਾ ਹੋ ਗਿਆ ਹੈ। ਇਸੇ ਸਿਲਸਿਲੇ ’ਚ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਸਮੂਹਾਂ ਨੇ ਕਨੈਕਟੀਕਟ ਸਟੇਟ ਅਸੈਂਬਲੀ ਨੂੰ ਉਸ ਦੇ ਉਸ ਅਧਿਕਾਰਤ ਪੱਤਰ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ, ਜਿਸ ਵਿਚ ਕਥਿਤ ਤੌਰ ’ਤੇ ਸਿੱਖ ਇੰਡੀਪੈਂਡੈਂਸ ਡੈਕਲਾਰੇਸ਼ਨ ਦੀ ਵਰ੍ਹੇਗੰਢ ’ਤੇ ਇਕ ਵੱਖਵਾਦੀ ਸਿੱਖ ਸੰਸਥਾ ਨੂੰ ਵਧਾਈ ਦਿੱਤੀ ਗਈ ਸੀ।
ਐੱਫ. ਆਈ. ਏ. ਨੇ ਦੱਸਿਆ ਗੈਰ-ਜ਼ਿੰਮੇਵਾਰਾਨਾ ਕਦਮ
ਓਹੀਓ ’ਚ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫ. ਆਈ. ਏ.) ਨੇ ਕਿਹਾ ਕਿ ਕਨੈਕਟੀਕਟ ਆਮ ਸਭਾ ਦਾ ਪੱਤਰ ਜਾਰੀ ਕਰਨ ਦਾ ਫੈਸਲਾ ਗੈਰ-ਜ਼ਿੰਮੇਵਾਰਾਨਾ ਕਦਮ ਹੈ। ਨਿਊ ਇੰਗਲੈਂਡ ’ਚ ਐੱਫ. ਆਈ. ਏ. ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿਆਸੀ ਤੌਰ ’ਤੇ ਪ੍ਰੇਰਿਤ ਤਬਾਹਕਾਰੀ ਹਿੱਤਾਂ ਲਈ ਭਾਈਚਾਰੇ ਅੰਦਰ ਤਣਾਅ ਪੈਦਾ ਕਰਨ ਦੇ ਉਦੇਸ਼ ਨਾਲ ਸੌੜੇ, ਨਾਪਾਕ ਤੇ ਨਿੰਦਣਯੋਗ ਏਜੰਡੇ ਤਹਿਤ ਕੁਝ ਗੈਰ-ਸਮਾਜਿਕ ਅਨਸਰਾਂ ਵੱਲੋਂ ਗਲਤ ਸੂਚਨਾ ਦੇ ਆਧਾਰ ’ਤੇ ਪੱਤਰ ਜਾਰੀ ਕੀਤਾ ਗਿਆ ਹੈ।
ਭਾਰਤ ਦੀ ਅਖੰਡਤਾ ਦਾ ਹੈ ਸਵਾਲ
ਨਿਊਯਾਰਕ, ਨਿਊ ਜਰਸੀ ਤੇ ਕਨੈਕਟੀਕਟ ਦੇ ਐੱਫ. ਆਈ. ਏ. ਨੇ ਕਨੈਕਟੀਕਟ ਦੀ ਆਮ ਸਭਾ ਦੇ ਚੁਣੇ ਗਏ ਮੈਂਬਰਾਂ ਨੂੰ ਇਸ ਦੁੱਖਦਾਇਕ ਤੇ ਬਦਕਿਸਮਤੀ ਭਰੇ ਕਦਮ ਨਾਲ ਜਲਦ ਤੋਂ ਜਲਦ ਨਜਿੱਠਣ ਦੀ ਬੇਨਤੀ ਕੀਤੀ ਹੈ। ਨਿਊਯਾਰਕ ’ਚ ‘ਦਿ ਐਸੋਸੀਏਸ਼ਨ ਆਫ ਇੰਡੀਅਨਜ਼ ਇਨ ਅਮੇਰਿਕਾ’ ਨੇ ਕਿਹਾ ਕਿ ਇਹ ਅਪਮਾਨ ਭਰਿਆ ਪੱਤਰ ਭਾਰਤ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਅਪਮਾਨ ਕਰਦਾ ਹੈ। ਅਸੀਂ ਆਮ ਸਭਾ ਦੇ ਮੈਂਬਰਾਂ ਨੂੰ ਇਸ ਨੂੰ ਵਾਪਸ ਲੈਣ ਦੀ ਬੇਨਤੀ ਕਰਦੇ ਹਾਂ। ਇਸੇ ਤਰ੍ਹਾਂ ਅਮੇਰਿਕਨ ਇੰਡੀਅਨ ਪਬਲਿਕ ਅਫੇਅਰਸ ਕਮੇਟੀ ਦੇ ਪ੍ਰਧਾਨ ਜਗਦੀਸ਼ ਸੇਵਹਾਨੀ ਨੇ ਕਿਹਾ ਕਿ ਇਹ ਪੱਤਰ ਬਿਲਕੁਲ ਵੀ ਸਵੀਕਾਰਯੋਗ ਨਹੀਂ।
ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਕਮਜ਼ੋਰ ਕਰਨ ਦਾ ਯਤਨ
ਰਿਪੋਰਟ ਮੁਤਾਬਕ ਕਈ ਭਾਰਤੀ-ਅਮਰੀਕੀ ਸਮੂਹਾਂ ਅਤੇ ਭਾਈਚਾਰੇ ਦੇ ਨੇਤਾਵਾਂ ਨੇ ਕਨੈਕਟੀਕਟ ਆਮ ਸਭਾ ਦੇ ਮੈਂਬਰਾਂ ਤੇ ਉਸ ਦੀ ਲੀਡਰਸ਼ਿਪ ਨੂੰ ਇਸ ਕਦਮ ਖਿਲਾਫ ਪੱਤਰ ਲਿਖੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਪੱਤਰ ਭਾਰਤ ਦੀ ਸੰਸਾਰਕ ਅਖੰਡਤਾ ’ਤੇ ਸਵਾਲ ਉਠਾਉਂਦਾ ਹੈ ਅਤੇ ਵਧਦੇ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਕਮਜ਼ੋਰ ਕਰਦਾ ਹੈ। ‘ਮਿਲਾਨ ਕਲਚਰਲ ਐਸੋਸੀਏਸ਼ਨ ਆਫ ਕਨੈਕਟੀਕਟ’ ਨੇ ਕਿਹਾ ਹੈ ਕਿ ਇਹ ਪੱਤਰ ਕਨੈਕਟੀਕਟ ਦੇ ਹਿੱਤ ਵਿਚ ਨਹੀਂ ਹੈ। ਇਸ ਲਈ ਤੁਹਾਨੂੰ ਇਸ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਪੱਤਰ ਅਸਲ ਮੁੱਦਿਆਂ ਤੋਂ ਅਣਡਿੱਠਤਾ ਨੂੰ ਦਰਸਾਉਂਦਾ ਹੈ। ਕਨੈਕਟੀਕਟ ’ਚ ਭਾਰਤੀ-ਅਮਰੀਕੀ ਭਾਈਚਾਰੇ ਨਾਲ ਗੱਲਬਾਤ ਤੇ ਸਲਾਹ-ਮਸ਼ਵਰਾ ਕੀਤੇ ਬਿਨਾਂ ਇਕ ਅਣਚਾਹੇ ਖੇਤਰ ’ਚ ਦਖਲ ਦਿੱਤਾ ਗਿਆ ਹੈ।