ਰੋਮ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ''ਚ ਹੋਲੀ ਦੇ ਸਮਾਗਮ ''ਚ ਰੰਗ ਬਿਰੰਗੇ ਫੁੱਲਾਂ ਦੀ ਵਰਖਾ (ਤਸਵੀਰਾਂ)
Monday, Mar 28, 2022 - 10:46 AM (IST)
ਰੋਮ (ਕੈਂਥ) ਭਾਰਤ ਦਾ ਸ਼ਾਇਦ ਹੀ ਕੋਈ ਅਜਿਹਾ ਦਿਨ ਤਿਉਹਾਰ ਜਾਂ ਮੇਲਾ ਹੋਵੇ ਜਿਸ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿਣ ਬਸੇਰਾ ਕਰਦੇ ਭਾਰਤੀ ਧੂਮ-ਧਾਮ ਨਾਲ ਨਹੀਂ ਮਨਾਉਂਦੇ ਹਨ। ਇੱਕ ਅਜਿਹਾ ਹੀ ਰੰਗੀਲਾ ਭਾਰਤੀ ਤਿਉਹਾਰ ਹੈ ਹੋਲੀ, ਜਿਸ ਨੂੰ ਭਾਰਤੀ ਲੋਕ ਵੱਖ-ਵੱਖ ਰੰਗਾਂ ਦੇ ਨਾਲ ਆਪਸੀ ਪਿਆਰ ਭਾਵਨਾ ਨਾਲ ਗਹਿਗਚ ਹੋਕੇ ਮਨਾਉਂਦੇ ਹਨ।ਇਟਲੀ ਵਿੱਚ ਵੀ ਇਹ ਰੰਗਾਂ ਤੇ ਪਿਆਰ ਦਾ ਸੁਮੇਲ ਹੋਲੀ ਨੂੰ ਰਾਜਧਾਨੀ ਰੋਮ ਦੇ ਪ੍ਰਸਿੱਧ ਕਾਲੀ ਮਾਤਾ ਰਾਣੀ ਮੰਦਿਰ ਵਿਖੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ,ਇਟਾਲੀਅਨ ਤੇ ਬੰਗਲਾਦੇਸ਼ੀ ਭਾਈਚਾਰੇ ਨਾਲ ਰਲ-ਮਿਲਕੇ ਮਨਾਇਆ ਗਿਆ।
ਇਸ ਸਮਾਰੋਹ ਵਿੱਚ ਜਿੱਥੇ ਭਾਰਤ ਦੇ ਅਨੇਕਾਂ ਪਕਵਾਨਾਂ ਦਾ ਸੰਗਤਾਂ ਨੇ ਆਨੰਦ ਲਿਆ ਜਿਸ ਗੋਲ ਗੱਪੇ,ਟਿੱਕੀਆਂ,ਮਿਲਕ ਬਦਾਮ ਆਦਿ ਸਨ, ਉੱਥੇ ਹੀ ਇਹ ਹੋਲੀ ਤਿਉਹਾਰ ਰੰਗਾਂ ਦੇ ਨਾਲ ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਦੀ ਵਰਖਾ ਕਰਕੇ ਮਨਾਈ ਗਈ।ਬੀਬੀਆਂ ਦੀ ਭਜਨ ਮੰਡਲੀ ਨੇ ਮਹਾਂਮਾਈ ਦੀ ਮਹਿਮਾਂ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਭਗਤੀ ਰਸ ਵਿੱਚ ਝੂਮਣ ਲਗਾ ਦਿੱਤਾ।ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਨੇ ਹਾਜ਼ਰੀਨ ਸੰਗਤਾਂ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਮੰਦਿਰ ਵਿੱਚ ਸਮੂਲੀਅਤ ਕਰਨ ਲਈ ਸਭ ਸੰਗਤ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਸਾਡੀ ਕਾਮਯਾਬੀ ਤਦ ਹੀ ਵਿਦੇਸ਼ ਵਿੱਚ ਸਾਰਥਿਕ ਹੈ ਜੇਕਰ ਅਸੀਂ ਆਪਣੇ ਭਾਰਤੀ ਸੱਭਿਆਚਾਰ ਨਾਲ ਤੇ ਜਨਮ ਭੂਮੀ ਨਾਲ ਜੁੜੇ ਰਹਿੰਦੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਕਿਊਬਾ 'ਚ ਹਰ ਪਾਸੇ 'ਕੇਕੜਿਆਂ' ਦਾ ਕਬਜ਼ਾ, ਲੋਕਾਂ ਦਾ ਪੈਦਲ ਤੁਰਨਾ ਹੋਇਆ ਮੁਸ਼ਕਲ (ਤਸਵੀਰਾਂ)
ਕਾਲੀ ਮਾਤਾ ਰਾਣੀ ਮੰਦਿਰ ਰੋਮ ਜਿਸ ਦੀ ਸਥਾਪਨਾ ਸੰਨ 1975 ਵਿੱਚ ਰਾਜਧਾਨੀ ਵਿੱਚ ਕੀਤੀ ਗਈ, ਇੱਥੇ ਭਾਰਤੀ ਭਾਈਚਾਰਾ ਵੱਡੇ ਪਧੱਰ ਤੇ ਵੱਖ-ਵੱਖ ਦਿਨ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਉਂਦਾ ਹੈ ਜੋ ਕਿ ਇਟਲੀ ਦੇ ਭਾਈਚਾਰੇ ਨੂੰ ਸਦਾ ਹੀ ਭਾਰਤੀ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕਰਦਾ ਹੈ।