ਪਾਕਿ ਨੇ ਅਮਰੀਕੀ ਡਿਪਲੋਮੈਟ ਨੂੰ ''Exit Control List'' ''ਚ ਪਾਉਣ ਦੀ ਪ੍ਰਕਿਰਿਆ ਕੀਤੀ ਸ਼ੁਰੂ

04/10/2018 1:28:10 PM

ਇਸਲਾਮਾਬਾਦ (ਭਾਸ਼ਾ)— ਬੀਤੇ ਸ਼ਨੀਵਾਰ ਪਾਕਿਸਤਾਨ ਵਿਚ ਇਕ ਅਮਰੀਕੀ ਦੂਤਘਰ ਦੀ ਕਾਰ ਨੇ ਇਕ ਮੋਟਰਸਾਇਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਸੀ। ਇਸ ਟੱਕਰ ਵਿਚ ਵਿਅਕਤੀ ਦੀ ਮੌਤ ਹੋ ਗਈ ਸੀ। ਹੁਣ ਇਸ ਹਾਦਸੇ ਵਿਚ ਸ਼ਾਮਲ ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਣ ਲਈ ਪਾਕਿਸਤਾਨ ਨੇ ਉਸ ਦਾ ਨਾਮ 'ਐਗਜ਼ਿਟ ਕੰਟਰੋਲ ਲਿਸਟ' ਵਿਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਲਿਸਟ ਵਿਚ ਜਿਹੜੇ ਲੋਕਾਂ ਦਾ ਨਾਮ ਸ਼ਾਮਲ ਹੁੰਦਾ ਹੈ ਉਹ ਕਿਸੇ ਵੀ ਕਾਨੂੰਨੀ ਮਾਧਿਅਮ ਰਾਹੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ ਹਨ। 
ਅਮਰੀਕੀ ਦੂਤਘਰ ਵਿਚ ਰੱਖਿਆ ਅਤੇ ਏਅਰ ਅਤਾਸ਼ੇ ਕਰਨਲ ਜੋਸੇਫ ਇਮੈਨੁਅਲ ਹਾਲ ਤੇਜ਼ੀ ਨਾਲ ਆਪਣੀ ਲੈਂਡ ਕਰੂਜ਼ਰ ਚਲਾਉਂਦੇ ਹੋਏ ਲਾਲ ਬੱਤੀ ਪਾਰ ਕਰ ਗਏ ਅਤੇ ਬਾਈਕ ਸਵਾਰ ਦੋ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸਲਾਮਾਬਾਦ ਦੇ ਦਮਨ-ਏ-ਕੋਹ ਵਿਚ ਸ਼ਨੀਵਾਰ ਨੂੰ ਹੋਏ ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ ਸੀ। ਇਕ ਅੰਗਰੇਜੀ ਅਖਬਾਰ ਮੁਤਾਬਕ ਇਸਲਾਮਾਬਾਦ ਦੀ ਪੁਲਸ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਡਿਪਲੋਮੈਟ ਦਾ ਨਾਂ 'ਐਗਜ਼ਿਟ ਕੰਟਰੋਲ ਲਿਸਟ' ਵਿਚ ਪਾਉਣ ਦੀ ਅਪੀਲ ਕੀਤੀ ਹੈ। ਮੰਤਰਾਲੇ ਨੇ ਇਸ ਸੰਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਸ ਇੰਸਪੈਕਟਰ ਜਨਰਲ ਸੁਲਤਾਨ ਆਜ਼ਮ ਤੈਮੂਰੀ ਨੇ ਦੱਸਿਆ ਕਿ ਅਮਰੀਕਾ ਡਿਪਲੋਮੈਟ ਦਾ ਨਾਮ 'ਐਗਜ਼ਿਟ ਕੰਟਰੋਲ ਲਿਸਟ' ਵਿਚ ਪਾਉਣ ਲਈ ਕੱਲ ਮੰਤਰਾਲੇ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਪੁਲਸ ਨੇ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਹੈ ਕਿ ਡਿਪਲੋਮੈਟ ਵਿਰੁੱਧ ਗੈਰ ਇਰਾਦਤਨ ਹੱਤਿਆ, ਲਾਪਹਵਾਹੀ ਨਾਲ ਗੱਡੀ ਚਲਾਉਣ ਆਦਿ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Related News