ਕੈਲੀਫੋਰਨੀਆ ਦੀਆਂ ਜੇਲ੍ਹਾਂ ''ਚ ਘਟੇ ਕੈਦੀ, 5 ਜੇਲ੍ਹਾਂ ਨੂੰ ਬੰਦ ਕਰਨ ਦੀ ਮੰਗ

Saturday, Nov 21, 2020 - 08:40 PM (IST)

ਕੈਲੀਫੋਰਨੀਆ ਦੀਆਂ ਜੇਲ੍ਹਾਂ ''ਚ ਘਟੇ ਕੈਦੀ, 5 ਜੇਲ੍ਹਾਂ ਨੂੰ ਬੰਦ ਕਰਨ ਦੀ ਮੰਗ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਲੈਜਿਸਟੇਟਿਵ ਐਨਾਲਿਸਟ ਦਫ਼ਤਰ ਨੇ ਸਿਫਾਰਸ਼ ਕੀਤੀ ਹੈ ਕਿ ਸੂਬੇ ਵਿਚ ਕੈਦੀਆਂ ਦੀ ਗਿਣਤੀ ਘੱਟ ਹੋਣ ਅਤੇ ਆਰਥਿਕ ਬੱਚਤ ਹਾਸਲ ਕਰਨ ਲਈ ਸੂਬੇ ਵਿਚ ਜੇਲ੍ਹਾਂ ਬੰਦ ਕਰਨੀਆਂ ਚਾਹੀਦੀਆਂ ਹਨ। 

ਇਕ ਰਿਪੋਰਟ ਅਨੁਸਾਰ ਪੰਜ ਬਾਲਗ ਜੇਲ੍ਹਾਂ ਨੂੰ ਬੰਦ ਕਰਨ ਨਾਲ 2025 ਤੱਕ ਸੂਬੇ ਨੂੰ ਹਰ ਸਾਲ 1.5 ਬਿਲੀਅਨ ਡਾਲਰ ਦੀ ਬੱਚਤ ਹੋਵੇਗੀ। ਕੈਦੀ ਆਬਾਦੀ ਦੇ ਅੰਕੜਿਆਂ ਦੇ ਅਧਾਰ 'ਤੇ ਇਹ ਸਿਫਾਰਸ਼ ਇਸ ਸਾਲ ਦੇ ਸ਼ੁਰੂ ਵਿਚ ਗਵਰਨਰ ਗੈਵਿਨ ਨਿਊਸਮ ਦੇ ਦੋ ਸੂਬਾਈ ਜੇਲ੍ਹਾਂ ਨੂੰ ਬੰਦ ਕਰਨ ਦੀ ਯੋਜਨਾ ਦੇ ਐਲਾਨ ਤੋਂ ਬਾਅਦ ਆਈ ਹੈ। ਇਨ੍ਹਾਂ ਵਿਚ ਇਕ ਟ੍ਰੇਸੀ ਦੀ ਡੀਯੂਲ ਵੋਕੇਸ਼ਨਲ ਸੰਸਥਾ ਹੈ, ਜਿਸ ਨੂੰ ਸੁਧਾਰ ਵਿਭਾਗ ਸਤੰਬਰ ਵਿਚ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ। 

ਸੂਬੇ ਦੀਆਂ 35 ਜੇਲ੍ਹਾਂ ਵਿਚ ਕੋਰੋਨਾ ਵਾਇਰਸ ਦੇ ਆਉਣ ਨਾਲ 21% ਕੈਦੀ ਘਟੇ ਹਨ । ਇਕ ਰਿਪੋਰਟ ਅਨੁਸਾਰ ਅਕਤੂਬਰ ਅਖੀਰ ਤੱਕ ਕੈਦੀਆਂ ਦੀਗਿਣਤੀ ਘੱਟ ਕੇ 97,700  ਹੋ ਗਈ ਸੀ ਕਿਉਂਕਿ ਸੁਧਾਰ ਵਿਭਾਗ ਨੇ ਲਗਭੱਗ 25,000 ਅਹਿੰਸਕ ਕੈਦੀਆਂ ਨੂੰ ਰਿਹਾ ਕੀਤਾ ਹੈ ਜਦਕਿ ਮਹਾਮਾਰੀ ਦੌਰਾਨ ਅਪਰਾਧ ਵਿਚ ਵੀ ਗਿਰਾਵਟ ਆਈ ਹੈ। 

ਸੂਬਾ ਜੇਲ੍ਹ ਸੁਧਾਰਾਂ 'ਤੇ ਹਰ ਸਾਲ 16 ਬਿਲੀਅਨ ਡਾਲਰ ਖਰਚ ਕਰਦਾ ਹੈ ਅਤੇ ਇਸ ਸਾਲ ਸੁਧਾਰ ਅਤੇ ਮੁੜ ਵਸੇਂਵੇ ਵਿਭਾਗ ਦਾ ਬਜਟ 13.4 ਬਿਲੀਅਨ ਡਾਲਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਤਬਦੀਲੀ ਦੇ ਸੂਬੇ ਦਾ ਜੇਲ੍ਹ ਪ੍ਰਤੀ ਖਰਚਾ ਵੱਧਦਾ ਰਹੇਗਾ, ਜੋ ਕਿ ਵੱਡੇ ਪੱਧਰ 'ਤੇ ਕਰਮਚਾਰੀਆਂ ਦੇ ਮੁਆਵਜ਼ੇ ਦੇ ਖਰਚਿਆਂ ਨਾਲ ਚਲਾਇਆ ਜਾਂਦਾ ਹੈ। ਇਕ ਜੇਲ੍ਹ ਸੰਸਥਾ ਨੂੰ ਬੰਦ ਕਰਨਾ ਸਿਸਟਮ ਦੇ ਅੰਦਰ ਬਹੁਤ ਸਾਰਾ ਪੈਸਾ ਬਚਾਉਣ ਦੇ ਕੁੱਝ ਤਰੀਕਿਆਂ ਵਿਚੋਂ ਇਕ ਹੈ। ਸੂਬੇ ਵਲੋਂ ਜਾਰੀ ਇਕ ਅਧਿਐਨ ਅਨੁਸਾਰ 12 ਸਭ ਤੋਂ ਪੁਰਾਣੀਆਂ ਜੇਲ੍ਹਾਂ ਨੂੰ 11 ਬਿਲੀਅਨ ਡਾਲਰ ਦੀ ਮੁਰੰਮਤ ਦੀ ਜ਼ਰੂਰਤ ਹੈ, ਜਦੋਂ ਕਿ ਬਾਕੀ 22 ਜੇਲ੍ਹਾਂ ਨੂੰ 8 ਬਿਲੀਅਨ ਡਾਲਰ ਦੇ ਕੰਮ ਦੀ ਜ਼ਰੂਰਤ ਹੈ।
 


author

Sanjeev

Content Editor

Related News