ਪਾਕਿ ’ਚ ਪੁਲਸ ਅਤੇ ਸ਼ਰਧਾਲੂਆਂ ਵਿਚਾਲੇ ਟਕਰਾਅ, 40 ਜ਼ਖ਼ਮੀ

04/02/2021 6:40:06 PM

ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ’ਚ ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ ’ਚ ਸ਼ਰਧਾਲੂਆਂ ਅਤੇ ਪੁਲਸ ਦਰਮਿਆਨ ਹੋਏ ਟਕਰਾਅ ’ਚ ਤਕਰੀਬਨ 40 ਸ਼ਰਧਾਲੂ ਜ਼ਖ਼ਮੀ ਹੋ ਗਏ। ਇਸ ਦੌਰਾਨ ਜੰਮ ਕੇ ਪੱਥਰਬਾਜ਼ੀ ਹੋਈ ਅਤੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ।

PunjabKesari

ਪਾਕਿਸਤਾਨ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਸਰਕਾਰ ਨੇ 10 ਦਿਨਾਂ ਲਈ ਸਾਰੇ ਧਾਰਮਿਕ ਸਥਾਨਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਸਰਕਾਰ ਦੇ ਹੁਕਮਾਂ ਦੇ ਬਾਵਜੂਦ ਮਹਾਨ ਸੂਫੀ ਸੰਤ ਦੇ 769ਵੇਂ ਉਰਸ ਸਬੰਧੀ ਵੱਡੀ ਗਿਣਤੀ ’ਚ ਲੋਕ ਵੀਰਵਾਰ ਸ਼ਾਮ ਨੂੰ ਹੀ ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ ’ਚ ਪਹੁੰਚਣੇ ਸ਼ੁਰੂ ਹੋ ਗਏ। ਪੁਲਸ ਵਲੋਂ ਮਨ੍ਹਾ ਕਰਨ ਦੇ ਬਾਵਜੂਦ ਲੋਕ ਦਰਗਾਹ ’ਚ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋ ਗਏ। ਸਰਕਾਰ ਦੇ ਧਾਰਮਿਕ ਸਥਾਨ ਬੰਦ ਕਰਨ ਦੇ ਹੁਕਮਾਂ ਖਿਲਾਫ ਲੋਕ ਗੁੱਸੇ ’ਚ ਆ ਗਏ ਅਤੇ ਭੜਕੇ ਲੋਕਾਂ ਨੇ ਪੁਲਸ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਟਕਰਾਅ ਦੌਰਾਨ ਤਕਰੀਬਨ 40 ਸ਼ਰਧਾਲੂ ਤੇ 7 ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਪੁਲਸ ਅਤੇ ਸ਼ਰਧਾਲੂਆਂ ਵਿਚਕਾਰ ਲੱਗਭਗ ਡੇਢ ਘੰਟੇ ਤਕ ਹੋਏ ਟਕਰਾਅ ਤੋਂ ਬਾਅਦ ਪੁਲਸ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਤਾਕਤ ਦੀ ਵਰਤੋਂ ਕਰਨੀ ਪਈ। ਘਟਨਾ ਤੋਂ ਬਾਅਦ ਪੁਲਸ ਨੇ ਅਮਨ-ਕਾਨੂੰਨ ਦੀ ਬਹਾਲੀ ਲਈ 200 ਤੋਂ ਵੱਧ ਹੋਰ ਪੁਲਸ ਕਰਮਚਾਰੀਆਂ ਤੇ ਰੇਂਜਰਜ਼ ਦੇ ਜਵਾਨਾਂ ਨੂੰ ਦਰਗਾਹ ਦੇ ਬਾਹਰ ਤਾਇਨਾਤ ਕਰ ਦਿੱਤਾ ਹੈ।


Anuradha

Content Editor

Related News