ਈਰਾਨ ਨੇ ਨਮਾਜ਼ੀ ਨੂੰ ਫਿਰ ਭੇਜਿਆ ਜੇਲ, ਅਮਰੀਕਾ ਨਰਾਜ਼

Wednesday, Feb 07, 2018 - 01:33 PM (IST)

ਈਰਾਨ ਨੇ ਨਮਾਜ਼ੀ ਨੂੰ ਫਿਰ ਭੇਜਿਆ ਜੇਲ, ਅਮਰੀਕਾ ਨਰਾਜ਼

ਤੇਹਰਾਨ (ਬਿਊਰੋ)— ਜਾਸੂਸੀ ਦੇ ਦੋਸ਼ ਵਿਚ ਈਰਾਨ ਨੇ 81 ਸਾਲਾ ਅਮਰੀਕੀ ਨਾਗਰਿਕ ਬੈਕਵੇਰ ਨਮਾਜ਼ੀ ਨੂੰ ਦੁਬਾਰਾ ਜੇਲ ਭੇਜ ਦਿੱਤਾ ਹੈ। ਅਮਰੀਕਾ ਅਧਿਕਾਰੀ ਗੋਲਡਸਟੀਨ ਇਸ ਕਾਰਵਾਈ ਕਾਰਨ ਬਹੁਤ ਨਿਰਾਸ਼ ਹਨ ਅਤੇ ਉਨ੍ਹਾਂ ਨੇ ਮਨੁੱਖੀ ਆਧਾਰ 'ਤੇ ਨਮਾਜ਼ੀ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਗੋਲਡਸਟੀਨ ਨੇ ਕਿਹਾ ਕਿ ਬੈਕਵੇਰ ਨਮਾਜ਼ੀ ਦੀ ਸਿਹਤ ਖਰਾਬ ਹੋ ਰਹੀ ਹੈ ਅਤੇ ਈਰਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਲਾਜ ਦੇ ਬਾਅਦ ਦੁਬਾਰਾ ਜੇਲ ਭੇਜ ਦਿੱਤਾ ਹੈ।
ਦਿੱਤੀ ਗਈ 10 ਸਾਲ ਦੀ ਜੇਲ
ਵਰਨਣਯੋਗ ਹੈ ਕਿ ਬੈਕਵੇਰ ਨਮਾਜ਼ੀ ਨੂੰ ਜਾਸੂਸੀ ਅਤੇ ਅਮਰੀਕੀ ਸਰਕਾਰ ਨਾਲ 'ਮਿਲੀਭਗਤ' ਦੇ ਦੋਸ਼ ਵਿਚ ਬੀਤੇ ਸਾਲ ਅਕਤੂਬਰ ਵਿਚ 10 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਅਮਰੀਕੀ ਸਰਕਾਰ ਅਤੇ ਨਮਾਜ਼ੀ ਦੇ ਪਰਿਵਾਰ ਨੇ ਉਸ 'ਤੇ ਲੱਗੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ। ਅਮਰੀਕਾ-ਈਰਾਨ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਨਮਾਜ਼ੀ ਨੂੰ ਈਰਾਨੀ ਅਧਿਕਾਰੀਆਂ ਨੇ ਐਤਵਾਰ ਨੂੰ ਮਨੂੱਖੀ ਆਧਾਰ 'ਤੇ ਜੇਲ ਤੋਂ ਛੁੱਟੀ ਦਿੱਤੀ ਸੀ। ਸਤੰਬਰ ਵਿਚ ਉਸ ਦੀ ਹਾਰਟ ਸਰਜਰੀ ਹੋਈ ਸੀ। ਜਾਣਕਾਰੀ ਮੁਤਾਬਕ ਨਮਾਜ਼ੀ ਅਤੇ ਉਸ ਦੇ ਪੁੱਤਰ ਈਰਾਨ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਹਨ। ਇੱਥੇ ਦੱਸਣ ਯੋਗ ਹੈ ਕਿ ਈਰਾਨ ਦੋਹਰੀ ਨਾਗਰਿਕਤਾ ਨੂੰ ਮਾਨਤਾ ਨਹੀਂ ਦਿੰਦਾ ਹੈ ਅਤੇ ਨਮਾਜ਼ੀ ਕੋਲ ਈਰਾਨ ਅਤੇ ਅਮਰੀਕਾ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਹੈ। ਨਮਾਜ਼ੀ ਈਰਾਨ ਵਿਚ ਗ੍ਰਿਫਤਾਰ ਹੋਣ ਵਾਲੇ ਅਮਰੀਕੀ ਨਾਗਰਿਕਾਂ ਦੇ ਸਮੂਹ ਵਿਚ ਸਭ ਤੋਂ ਜ਼ਿਆਦਾ ਬਜ਼ੁਰਗ ਵਿਅਕਤੀ ਹਨ। ਨਮਾਜ਼ੀ ਦੇ ਵਕੀਲ ਜਾਰੇਦ ਜੇਨਸਰ ਮੁਤਾਬਕ ਯੂਨੀਸੈਫ ਦੇ ਸਾਬਕਾ ਅਧਿਕਾਰੀ 81 ਸਾਲਾ ਨਮਾਜ਼ੀ ਨੂੰ ਚਾਰ ਦਿਨ ਲਈ ਰਿਹਾਅ ਕੀਤਾ ਗਿਆ ਸੀ ਪਰ ਉਹ ਈਰਾਨ ਛੱਡ ਕੇ ਨਹੀਂ ਜਾ ਸਕਦੇ ਹਨ। ਨਮਾਜ਼ੀ ਦੇ ਮੀਡੀਆ ਨਾਲ ਗੱਲਬਾਤ ਕਰਨ 'ਤੇ ਪਾਬੰਦੀ ਹੈ।


Related News