ਚੀਨ ਦੇ ਸ਼ਹਿਰਾਂ ਨੇ ਹਾਂਗਕਾਂਗ ਤੋਂ ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲਿਆਂ ਦੀ ਜਾਣਕਾਰੀ ਦੇਣ 'ਤੇ ਇਨਾਮ ਦਾ ਕੀਤਾ ਐਲਾਨ

Sunday, Feb 20, 2022 - 01:01 PM (IST)

ਚੀਨ ਦੇ ਸ਼ਹਿਰਾਂ ਨੇ ਹਾਂਗਕਾਂਗ ਤੋਂ ਗੈਰ-ਕਾਨੂੰਨੀ ਢੰਗ ਨਾਲ ਆਉਣ ਵਾਲਿਆਂ ਦੀ ਜਾਣਕਾਰੀ ਦੇਣ 'ਤੇ ਇਨਾਮ ਦਾ ਕੀਤਾ ਐਲਾਨ

ਪੇਈਚਿੰਗ (ਭਾਸ਼ਾ)- ਚੀਨ ਦੇ ਕਈ ਸ਼ਹਿਰਾਂ ਨੇ ਕੋਵਿਡ-19 ਮਹਾਮਾਰੀ ਦੀ 5ਵੀਂ ਲਹਿਰ ਨਾਲ ਜੂਝ ਰਹੇ ਹਾਂਗਕਾਂਗ ਤੋਂ ਗੈਰ-ਕਾਨੂੰਨੀ ਢੰਗ ਨਾਲ ਮੁੱਖ ਭੂਮੀ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਬਾਰੇ ਜਾਣਕਾਰੀ ਦੇਣ 'ਤੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਦੀ ਰਿਪੋਰਟ ਅਨੁਸਾਰ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਵਿਚ ਹਾਂਗਕਾਂਗ ਦੇ ਨੇੜੇ ਜ਼ੂਹਾਈ, ਹੁਈਝੋਓ ਅਤੇ ਡੋਂਗਗੁਆਨ ਸ਼ਹਿਰਾਂ ਨੇ ਹਾਂਗਕਾਂਗ ਸਪੈਸ਼ਲ ਟੈਰੀਟਰੀ (HKSAR) ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਵਾਲੇ ਸ਼ੱਕੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਨਕਦ ਇਨਾਮ ਦਾ ਐਲਾਨ ਕੀਤਾ ਹੈ।

ਅਖ਼ਬਾਰ ਮੁਤਾਬਕ ਇਹ ਐਲਾਨ ਹਾਂਗਕਾਂਗ 'ਚ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਚਣ ਲਈ ਲੋਕਾਂ ਦੇ ਸੜਕ ਅਤੇ ਜਲ ਮਾਰਗਾਂ ਰਾਹੀਂ ਮੁੱਖ ਭੂਮੀ ਆਉਣ ਦੀਆਂ ਖ਼ਬਰਾਂ ਤੋਂ ਬਾਅਦ ਕੀਤਾ ਗਿਆ ਹੈ। 'ਸਾਊਥ ਚਾਈਨਾ ਮਾਰਨਿੰਗ ਪੋਸਟ' ਅਖ਼ਬਾਰ ਮੁਤਾਬਕ ਸ਼ਨੀਵਾਰ ਨੂੰ ਹਾਂਗਕਾਂਗ 'ਚ ਕੋਵਿਡ-19 ਦੇ 6,063 ਮਾਮਲੇ ਸਾਹਮਣੇ ਆਏ। ਉਥੇ ਹੀ 15 ਹੋਰ ਮਰੀਜ਼ਾਂ ਦੀ ਮੌਤ ਦੇ ਨਾਲ ਕੋਰੋਨਾ ਵਾਇਰਸ ਨਾਲ ਹਾਂਗਕਾਂਗ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 280 ਹੋ ਗਈ ਹੈ। ਹਾਂਗਕਾਂਗ ਵਿਚ ਹੁਣ ਤੱਕ ਸੰਕਰਮਣ ਦੇ 46,763 ਮਾਮਲੇ ਸਾਹਮਣੇ ਆਏ ਹਨ।

ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਚੀਨ ਦੇ ਜ਼ੁਹਾਈ ਅਤੇ ਡੋਂਗਗੁਆਨ ਨੇ ਗੈਰ-ਕਾਨੂੰਨੀ ਤਰੀਕੇ ਨਾਲ ਵਾਹਨ ਜਾਂ ਕਿਸ਼ਤੀ ਰਾਹੀਂ ਹਾਂਗਕਾਂਗ ਨਿਵਾਸੀ ਦੀ ਤਸਕਰੀ ਕਰਨ ਵਾਲੇ ਦੀ ਸੂਚਨਾ ਦੇਣ 'ਤੇ 1 ਲੱਖ ਯੂਆਨ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਤਸਕਰੀ ਕਰਨ ਵਾਲੇ ਗਰੁੱਪ ਬਾਰੇ ਜਾਣਕਾਰੀ ਦੇਣ 'ਤੇ 30 ਹਜ਼ਾਰ ਯੁਆਨ ਅਤੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਦੀ ਸੂਚਨਾ ਦੇਣ 'ਤੇ 10 ਹਜ਼ਾਰ ਯੂਆਨ ਦੇਣ ਦਾ ਐਲਾਨ ਕੀਤਾ ਗਿਆ ਹੈ। ਚੇਂਗਜ਼ੂਓ ਅਤੇ ਨਾਨ ਸ਼ਹਿਰਾਂ ਨੇ ਵੀ ਇਸੇ ਤਰ੍ਹਾਂ ਦੇ ਐਲਾਨ ਕੀਤੇ ਹਨ।


author

cherry

Content Editor

Related News