ਘਟਦੀ ਆਬਾਦੀ ਕਾਰਨ ਤਣਾਅ ''ਚ ਚੀਨ ਸਰਕਾਰ, ਜਨਮ ਦਰ ਵਧਾਉਣ ਲਈ ਸ਼ੁਰੂ ਕੀਤੀ ਹੁਣ ਇਹ ਸਕੀਮ
Thursday, Feb 23, 2023 - 09:57 PM (IST)
ਬੀਜਿੰਗ : ਚੀਨ ਵੱਲੋਂ ਐਲਾਨੇ ਗਏ ਆਬਾਦੀ ਦੇ ਅੰਦਾਜ਼ੇ ਮੁਤਾਬਕ ਪਿਛਲੇ ਸਾਲ ਇਸ ਦੀ ਆਬਾਦੀ 8.5 ਲੱਖ ਘੱਟ ਗਈ ਹੈ। ਚੀਨ ਦੀ ਆਬਾਦੀ ਵਿੱਚ ਇੰਨੀ ਗਿਰਾਵਟ 1960 ਤੋਂ ਬਾਅਦ ਪਹਿਲੀ ਵਾਰ ਆਈ ਹੈ। ਦੇਸ਼ ਦੀ ਘਟਦੀ ਆਬਾਦੀ ਤੋਂ ਪ੍ਰੇਸ਼ਾਨ ਜਿਨਪਿੰਗ ਸਰਕਾਰ ਜਨਮ ਦਰ ਨੂੰ ਵਧਾਉਣ ਲਈ ਨਵੀਆਂ ਯੋਜਨਾਵਾਂ ਤਿਆਰ ਕਰ ਰਹੀ ਹੈ। ਇਸ ਤਹਿਤ ਚੀਨ ਨੇ ਨਵੇਂ ਵਿਆਹੇ ਜੋੜਿਆਂ ਲਈ ਇਕ ਸ਼ਾਨਦਾਰ ਸਕੀਮ ਦਾ ਐਲਾਨ ਕੀਤਾ ਹੈ। ਨਵੇਂ ਵਿਆਹੇ ਜੋੜਿਆਂ ਨੂੰ 30 ਦਿਨਾਂ ਦੀ ਪੇਡ ਮੈਰਿਜ ਲੀਵ ਦਿੱਤੀ ਜਾਵੇਗੀ ਤਾਂ ਜੋ ਪਤੀ-ਪਤਨੀ ਇਕ-ਦੂਜੇ ਨਾਲ ਸਮਾਂ ਬਿਤਾ ਸਕਣ ਅਤੇ ਆਬਾਦੀ ਵਧਾਉਣ ਵਿੱਚ ਭਾਈਵਾਲ ਬਣ ਸਕਣ। ਦੱਸ ਦੇਈਏ ਕਿ ਪਹਿਲਾਂ ਚੀਨ 'ਚ ਵਿਆਹ ਲਈ ਸਿਰਫ ਤਿੰਨ ਦਿਨ ਦੀ ਪੇਡ ਛੁੱਟੀ ਮਿਲਦੀ ਸੀ ਪਰ ਜਦੋਂ ਇੱਥੇ ਆਬਾਦੀ ਤੇਜ਼ੀ ਨਾਲ ਘਟਣ ਲੱਗੀ ਤਾਂ ਸਰਕਾਰ ਨੂੰ ਆਪਣੀ ਨੀਤੀ ਬਦਲਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ : ਚੀਨ : ਮੰਗੋਲੀਆ 'ਚ ਕੋਲੇ ਦੀ ਖਾਨ ਧਸਣ ਕਾਰਨ 2 ਲੋਕਾਂ ਦੀ ਮੌਤ, 50 ਤੋਂ ਵੱਧ ਲਾਪਤਾ
ਸਕੀਮ ਵਿੱਚ ਬਦਲਾਅ ਦਾ ਉਦੇਸ਼ ਨੌਜਵਾਨ ਜੋੜਿਆਂ ਨੂੰ ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਹੈ। ਚੀਨ ਦੇ ਕੁਝ ਪ੍ਰਾਂਤ 30 ਦਿਨਾਂ ਦੀ ਵਿਆਹ ਦੀ ਛੁੱਟੀ ਦੇ ਰਹੇ ਹਨ, ਜਦਕਿ ਬਾਕੀਆਂ ਵਿੱਚ ਲਗਭਗ 10 ਦਿਨਾਂ ਦੀ ਛੁੱਟੀ ਦਾ ਪ੍ਰਬੰਧ ਹੈ। ਗਾਂਸੂ ਅਤੇ ਸ਼ਾਂਕਸੀ ਸੂਬੇ 30 ਦਿਨ ਦੇ ਰਹੇ ਹਨ, ਜਦੋਂ ਕਿ ਸ਼ੰਘਾਈ 10 ਅਤੇ ਸਿਚੁਆਨ ਅਜੇ ਵੀ ਸਿਰਫ਼ 3 ਦਿਨ ਦੇ ਰਹੇ ਹਨ। ਰਾਇਟਰਸ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਸਾਊਥਵੈਸਟਰਨ ਯੂਨੀਵਰਸਿਟੀ ਆਫ਼ ਫਾਇਨਾਂਸ ਐਂਡ ਇਕਨਾਮਿਕਸ ਦੇ ਸੋਸ਼ਲ ਡਿਵੈਲਪਮੈਂਟ ਰਿਸਰਚ ਇੰਸਟੀਚਿਊਟ ਦੇ ਡੀਨ ਯਾਂਗ ਹੈਯਾਂਗ ਨੇ ਕਿਹਾ ਕਿ ਵਿਆਹ ਦੀ ਛੁੱਟੀ ਵਧਾਉਣਾ ਪ੍ਰਜਣਨ ਦਰ ਨੂੰ ਵਧਾਉਣ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ। ਦੱਸ ਦੇਈਏ ਕਿ 1980 ਤੋਂ 2015 ਤੱਕ ਸਖਤ ਇਕ-ਬੱਚਾ ਨੀਤੀ ਲਾਗੂ ਹੋਣ ਕਾਰਨ ਚੀਨ ਦੀ ਆਬਾਦੀ ਘਟੀ ਹੈ। 2022 ਵਿੱਚ ਚੀਨ ਨੇ ਪ੍ਰਤੀ 1,000 ਲੋਕਾਂ ਵਿੱਚ 6.77 ਜਨਮ ਦੀ ਆਪਣੀ ਸਭ ਤੋਂ ਘੱਟ ਜਨਮ ਦਰ ਦਰਜ ਕੀਤੀ, ਜਿਸ ਬਾਰੇ ਮਾਹਿਰ ਮੰਨਦੇ ਹਨ ਕਿ ਦੇਸ਼ ਦੀ ਆਰਥਿਕਤਾ 'ਤੇ ਵਿੱਤੀ ਪ੍ਰਭਾਵ ਪਿਆ ਹੈ।
ਇਹ ਵੀ ਪੜ੍ਹੋ : ਸੋਮਾਲੀਆ : ਝੜਪਾਂ 'ਚ 150 ਲੋਕਾਂ ਦੀ ਮੌਤ, ਅੱਤਵਾਦੀਆਂ ਨੇ 10 ਨਾਗਰਿਕਾਂ ਦੀ ਕੀਤੀ ਹੱਤਿਆ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।