ਚੀਨ ਲਈ ਵੱਡੀ ਚੁਣੌਤੀ ਬਣੀ ਘਟਦੀ ਜਨਮ ਦਰ, 3 ਬੱਚੇ ਪੈਦਾ ਕਰਨ ਲਈ ਜੋੜਿਆਂ ਨੂੰ ਦੇ ਰਿਹਾ ਕਈ ਆਫ਼ਰ
Wednesday, Dec 08, 2021 - 02:56 PM (IST)
ਬੀਜਿੰਗ (ਭਾਸ਼ਾ) : ਚੀਨ ਦੇ ਸੂਬਿਆਂ ਨੇ ਜੋੜਿਆਂ ਨੂੰ ਤੀਜੇ ਬੱਚੇ ਲਈ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਆਉਣ ਵਾਲੇ ਖ਼ਰਚਿਆਂ ਵਿਚ ਸਬਸਿਡੀ ਦੇਣ ਅਤੇ ਟੈਕਸ ਵਿਚ ਛੋਟ ਦੇਣ ਸਮੇਤ ਕਈ ਸਹਾਇਕ ਉਪਾਵਾਂ ਦਾ ਐਲਾਨ ਕੀਤਾ ਹੈ। ਉਸ ਦੇ ਇਸ ਕਦਮ ਦਾ ਉਦੇਸ਼ ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਜਨਮ ਦਰ ਵਿਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਰੋਕਣਾ ਹੈ। ਚੀਨ ਦੀ ਰਾਸ਼ਟਰੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ (ਐਨ.ਪੀ.ਸੀ.) ਨੇ ਅਗਸਤ ਵਿਚ 3 ਬੱਚਿਆਂ ਦੀ ਨੀਤੀ ਨੂੰ ਰਸਮੀ ਮਨਜ਼ੂਰੀ ਦਿੱਤੀ ਸੀ। ਇਹ ਦੇਸ਼ ਵਿਚ ਵੱਧਦੇ ਜਨਸੰਖਿਆ ਸੰਕਟ ਦਾ ਹੱਲ ਕਰਨ ਦਾ ਇਕ ਵੱਡਾ ਨੀਤੀਗਤ ਕਦਮ ਹੈ। ਐਨ.ਪੀ.ਸੀ. ਨੇ ਇਕ ਸੋਧਿਆ ਜਨਸੰਖਿਆ ਅਤੇ ਪਰਿਵਾਰ ਨਿਯੋਜਨ ਕਾਨੂੰਨ ਪਾਸ ਕੀਤਾ, ਜੋ ਚੀਨੀ ਜੋੜਿਆਂ ਨੂੰ 3 ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਸ਼ਾਇਦ ਬੱਚਿਆਂ ਦੇ ਪਾਲਣ-ਪੋਸ਼ਣ ’ਤੇ ਆਉਣ ਵਾਲੇ ਖ਼ਰਚਿਆਂ ਕਾਰਨ ਵਧੇਰੇ ਬੱਚੇ ਪੈਦਾ ਕਰਨ ਵਿਚ ਚੀਨੀ ਜੋੜਿਆਂ ਦੇ ਦਿਲਚਸਪੀ ਨਾ ਲੈਣ ਦੀ ਸਮੱਸਿਆ ਦਾ ਹੱਲ ਕਰਲ ਲਈ ਚੁੱਕਿਆ ਗਿਆ ਕਦਮ ਹੈ।
ਅਗਸਤ ਵਿਚ ਜਨਸੰਖਿਆ ਅਤੇ ਪਰਿਵਾਰ ਨਿਯੋਜਨ ਕਾਨੂੰਨ ਪਾਸ ਕੀਤੇ ਜਾਣ ਦੇ ਬਾਅਦ ਤੋਂ ਚੀਨ ਦੇ 20 ਤੋਂ ਵੱਧ ਸੂਬਾਈ ਪੱਧਰ ਦੇ ਖੇਤਰਾਂ ਨੇ ਆਪਣੇ ਸਥਾਨਕ ਬੱਚੇ ਦੇ ਜਨਮ ਨਿਯਮਾਂ ਵਿਚ ਸੋਧ ਕੀਤਾ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਬੀਜਿੰਗ, ਸ਼ਿਚੁਆਨ ਅਤੇ ਜਿਆਂਕਸੀ ਸਮੇਤ ਹੋਰ ਖੇਤਰਾਂ ਨੇ ਇਸ ਸਿਲਸਿਲੇ ਵਿਚ ਕਈ ਸਹਾਇਕ ਉਪਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਪੈਟਰਨਿਟੀ ਲੀਵ ਦੇਣਾ, ਜਣੇਪਾ ਛੁੱਟੀ ਅਤੇ ਵਿਆਹ ਲਈ ਛੁੱਟੀ ਦੀ ਮਿਆਦ ਵਧਾਉਣਾ ਅਤੇ ਪੈਟਰਨਿਟੀ ਛੁੱਟੀ ਦੀ ਮਿਆਦ ਵਧਾਉਣਾ ਆਦਿ ਸ਼ਾਮਲ ਹੈ। ਰਾਸ਼ਟਰੀ ਸਿਹਤ ਕਮਿਸ਼ਨ ਦੇ ਅਧਿਕਾਰੀ ਯਾਂਗ ਵੇਨਝਾਉਂਗ ਨੇ ਕਿਹਾ, ‘ਸਰਕਾਰ ਨੂੰ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਆਉਣ ਵਾਲਿਆਂ ਖ਼ਰਚਿਆਂ ਨੂੰ ਸਾਂਝਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ।’ ਚੀਨ ਦੇ ਦਹਾਕਿਆਂ ਪੁਰਾਣੀ ਇਕ ਬੱਚਾ ਪੈਦਾ ਕਰਨ ਦੀ ਨੀਤੀ ਨੂੰ 2016 ਵਿਚ ਰੱਦ ਕਰਕੇ ਸਾਰੇ ਜੋੜਿਆਂ ਨੂੰ 2 ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ। ਜਨਗਣਨਾ ਵਿਚ ਚੀਨ ਦੀ ਜਨਸੰਖਿਆ ਵਾਧਾ ਦਰ ਵਿਚ ਗਿਰਾਵਟ ਆਉਣ ਦੇ ਬਾਅਦ 3 ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਵਿਟਜ਼ਰਲੈਂਡ ’ਚ ਇੱਛਾ ਮੌਤ ਦੀ ਮਸ਼ੀਨ ਨੂੰ ਕਾਨੂੰਨੀ ਮਨਜ਼ੂਰੀ, 1 ਮਿੰਟ ’ਚ ਬਿਨਾਂ ਦਰਦ ਦੇ ਮਿਲੇਗੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।