ਚੀਨ ਦੇ ਰਾਸ਼ਟਰਪਤੀ ਚਿਨਫਿੰਗ ਦੀ ਚਿਤਾਵਨੀ, ਮੁਸ਼ਕਲ ਦੌਰ ''ਚੋਂ ਲੰਘ ਰਿਹੈ ਦੇਸ਼

01/25/2020 9:11:57 PM

ਬੀਜਿੰਗ (ਏ.ਐਫ.ਪੀ.)- ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਕਿ ਨਵੇਂ ਕੋਰੋਨਾ ਵਾਇਰਸ ਦੇ ਫੈਲਣ ਦੀ ਵਜ੍ਹਾ ਨਾਲ ਦੇਸ਼ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਵਾਇਰਸ ਫੈਲਣ ਦੇ ਖਿਲਾਫ ਚੀਨ ਲੜਾਈ ਜਿੱਤੇਗਾ।

ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ ਸ਼ੀ ਨੇ ਕਿਹਾ ਕਿ ਨਵੇਂ ਕੋਰੋਨਾ ਵਾਇਰਸ ਫੈਲਣ ਦੀ ਵਜ੍ਹਾ ਨਾਲ ਦੇਸ਼ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਇਹ ਲਾਜ਼ਮੀ ਹੈ ਕਿ ਪਾਰਟੀ ਦੀ ਕੇਂਦਰੀ ਕਮੇਟੀ ਦੇ ਕੇਂਦਰੀਕਰਣ ਅਤੇ ਇਕਜੁੱਟ ਅਗਵਾਈ ਨੂੰ ਮਜ਼ਬੂਤ ਕੀਤਾ ਜਾਵੇ। ਅਧਿਕਾਰਤ ਨਿਊਜ਼ ਏਜੰਸੀ ਸ਼ਿਨਹੁਆ ਦੇ ਮੁਤਾਬਕ ਰਾਸ਼ਟਰਪਤੀ ਸ਼ੀ ਨੇ ਚੋਟੀ ਦੇ ਪੋਲਿਤ ਬਿਊਰੋ ਦੀ ਸਥਾਈ ਕਮੇਟੀ ਦੀ ਮੀਟਿੰਗ ਵਿਚ ਕਿਹਾ, ਜਦੋਂ ਕਿ ਸਾਡੇ ਕੋਲ ਅਟੁੱਟ ਵਿਸ਼ਵਾਸ, ਮਿਲ ਕੇ ਕੰਮ ਕਰਨ ਦਾ ਹੌਸਲਾ, ਬਚਾਅ ਅਤੇ ਇਲਾਜ ਦੇ ਵਿਗਆਨਿਕ ਤਰੀਕੇ ਅਤੇ ਸਟੀਕ ਨੀਤੀ ਹੈ, ਅਸੀਂ ਯਕੀਨੀ ਤੌਰ 'ਤੇ ਇਸ ਲੜਾਈ ਨੂੰ ਜਿੱਤ ਸਕਦੇ ਹਾਂ।

ਤਾਜ਼ਾ ਅੰਕੜਿਆਂ ਮੁਤਾਬਕ 1330 ਲੋਕ ਇਸ ਵਾਇਰਸ ਨਾਲ ਪੀੜਤ ਹਨ ਤੇ 41 ਲੋਕ ਇਸ ਕਾਰਨ ਮਾਰੇ ਗਏ ਹਨ। ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਹਾਂਗਕਾਂਗ, ਤਾਈਵਾਨ, ਥਾਈਲੈਂਡ, ਜਾਪਾਨ, ਵਿਅਤਨਾਮ, ਦੱਖਣੀ ਕੋਰੀਆ, ਸਿੰਗਾਪੁਰ, ਨੇਪਾਲ, ਫਰਾਂਸ, ਅਮਰੀਕਾ ਤੇ ਆਸਟਰੇਲੀਆ ਵਿਚ ਵੀ ਦਰਜ ਕੀਤੇ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਹਾਲਾਂਕਿ ਵੀਰਵਾਰ ਨੂੰ ਕਿਹਾ ਕਿ ਗਲੋਬਲ ਐਮਰਜੰਸੀ ਦਾ ਐਲਾਨ ਜਲਦੀ ਹੀ ਹੋਵੇਗਾ।


Sunny Mehra

Content Editor

Related News