ਚੀਨੀ ਰਾਸ਼ਟਰਪਤੀ ਨੇ ਖੇਤਰੀ ਸੰਮੇਲਨ ''ਚ ਅਫਗਾਨਿਸਤਾਨ ਦਾ ਜ਼ੋਰਦਾਰ ਸਮਰਥਨ ਕੀਤਾ
Thursday, Mar 31, 2022 - 04:52 PM (IST)
ਬੀਜਿੰਗ (ਭਾਸ਼ਾ)- ਚੀਨੀ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਇੱਕ ਖੇਤਰੀ ਸੰਮੇਲਨ ਦੌਰਾਨ ਅਫਗਾਨਿਸਤਾਨ ਦਾ ਸਮਰਥਨ ਕੀਤਾ, ਜਦਕਿ ਦੇਸ਼ ਵਿੱਚ ਤਾਲਿਬਾਨ ਨੇਤਾਵਾਂ ਦੁਆਰਾ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਕੋਈ ਜ਼ਿਕਰ ਨਹੀਂ ਕੀਤਾ। ਚੀਨ ਦੇ ਅਨਹੂਈ ਸੂਬੇ ਦੇ ਤੁਨਕਸ਼ੀ ਸ਼ਹਿਰ ਵਿੱਚ ਆਯੋਜਿਤ ਕਾਨਫਰੰਸ ਵਿੱਚ ਸ਼ੀ ਨੇ ਅਫਗਾਨਿਸਤਾਨ, ਚੀਨ, ਰੂਸ, ਪਾਕਿਸਤਾਨ, ਈਰਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਪ੍ਰਤੀਨਿਧੀਆਂ ਨੂੰ ਦਿੱਤੇ ਸੰਦੇਸ਼ ਵਿਚ ਬੀਜਿੰਗ ਦੇ ਸਮਰਥਨ ਦੀ ਗੱਲ ਕਹੀ। ਇਹ ਕਦਮ ਪਿਛਲੇ ਅਗਸਤ ਵਿੱਚ ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਵਿੱਚ ਚੀਨ ਦੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੀ ਉਸ ਦੀ ਇੱਛਾ ਨੂੰ ਦਰਸਾਉਂਦਾ ਹੈ।
ਸ਼ੀ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕ ਇੱਕ ਸ਼ਾਂਤੀਪੂਰਨ, ਸਥਿਰ, ਵਿਕਸਿਤ ਅਤੇ ਖੁਸ਼ਹਾਲ ਅਫਗਾਨਿਸਤਾਨ ਚਾਹੁੰਦੇ ਹਨ, ਜਿਸ ਦੇ ਖੇਤਰੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਸਾਂਝੇ ਹਿੱਤ ਹੋਣ। ਰਾਸ਼ਟਰਪਤੀ ਨੇ ਕਿਹਾ ਕਿ ਚੀਨ ਅਫਗਾਨਿਸਤਾਨ ਦੀ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ ਅਤੇ ਅਫਗਾਨਿਸਤਾਨ ਦੇ ਸ਼ਾਂਤੀਪੂਰਨ ਅਤੇ ਸਥਿਰ ਵਿਕਾਸ ਦਾ ਸਮਰਥਨ ਕਰਨ ਲਈ ਵਚਨਬੱਧ ਹੈ। ਸ਼ੀ ਨੇ ਇਸ ਦੇ ਵੇਰਵੇ ਨਹੀਂ ਦਿੱਤੇ, ਹਾਲਾਂਕਿ ਚੀਨ ਪਹਿਲਾਂ ਹੀ ਅਫਗਾਨਿਸਤਾਨ ਨੂੰ ਐਮਰਜੈਂਸੀ ਸਹਾਇਤਾ ਭੇਜ ਚੁੱਕਾ ਹੈ ਅਤੇ ਉਥੇ ਤਾਂਬੇ ਦੀ ਮਾਈਨਿੰਗ ਦੇ ਵਿਕਾਸ 'ਤੇ ਜ਼ੋਰ ਦੇ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੀ ਸਹਾਇਤਾ ਲਈ 4.4 ਅਰਬ ਡਾਲਰ ਦੀ ਕੀਤੀ ਮੰਗ
ਕਾਨਫਰੰਸ ਵਿਚ ਅਫਗਾਨਿਸਤਾਨ ਲਈ ਚੀਨ, ਅਮਰੀਕਾ ਅਤੇ ਰੂਸ ਦੇ ਵਿਸ਼ੇਸ਼ ਦੂਤਾਂ ਦੇ ਇਲਾਵਾ 'Extended Troika' ਨਾਮਕ ਸਮੂਹ ਨੇ ਵੀ ਹਿੱਸਾ ਲਿਆ। ਹਾਲਾਂਕਿ ਚੀਨ ਨੇ ਅਜੇ ਤੱਕ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ ਪਰ ਉਹ ਤਾਲਿਬਾਨ ਨਾਲ ਸਬੰਧ ਸਥਾਪਤ ਕਰਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ ਸਾਲ ਅਗਸਤ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ 28 ਜੁਲਾਈ ਨੂੰ ਚੀਨ ਦੇ ਤਿਆਨਜਿਨ ਸ਼ਹਿਰ ਵਿੱਚ ਤਾਲਿਬਾਨ ਦੇ ਉੱਚ ਪੱਧਰੀ ਵਫ਼ਦ ਦੀ ਮੇਜ਼ਬਾਨੀ ਕੀਤੀ ਸੀ। ਵਾਂਗ ਨੇ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਪੁਨਰ ਨਿਰਮਾਣ ਲਈ ਤਾਲਿਬਾਨ ਨੂੰ ਇੱਕ "ਮਹੱਤਵਪੂਰਨ" ਤਾਕਤ ਦੱਸਿਆ।