ਸ਼ਖਸ ਨੇ ਸਰੀਰ ''ਤੇ ਬਿਠਾਈਆਂ 6.37 ਲੱਖ ਮਧੂਮੱਖੀਆਂ, ਬਣਿਆ ਵਰਲਡ ਰਿਕਾਰਡ (ਵੀਡੀਓ)
Tuesday, Oct 27, 2020 - 06:20 PM (IST)
ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਲੋਕ ਰਿਕਾਰਡ ਬਣਾਉਣ ਲਈ ਅਜੀਬੋ-ਗਰੀਬ ਹਰਕਤਾਂ ਕਰਦੇ ਰਹਿੰਦੇ ਹਨ। ਉੱਥੇ ਗਿਨੀਜ਼ ਵਰਲਡ ਰਿਕਾਰਡ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਅਕਸਰ ਲੋਕਾਂ ਵੱਲੋਂ ਬਣਾਏ ਗਏ ਰਿਕਾਰਡ ਦੇ ਅਜਿਹੇ ਵੀਡੀਓ ਸ਼ੇਅਰ ਕਰਦਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਗਿਨੀਜ਼ ਵਰਲਡ ਰਿਕਾਰਡ ਨੇ ਸੋਮਵਾਰ ਨੂੰ ਅਜਿਹਾ ਹੀ ਇਕ ਵੀਡੀਓ ਸ਼ੇਅਰ ਕੀਤਾ, ਜਿਸ ਨੂੰ ਦੇਖ ਕੇ ਰੋਂਗਟੇ ਖੜ੍ਹੇ ਹੋ ਜਾਣਗੇ। ਇਸ ਵੀਡੀਓ ਵਿਚ ਇਕ ਸ਼ਖਸ ਨੇ ਵਰਲਡ ਰਿਕਾਰਡ ਬਣਾਉਣ ਲਈ ਆਪਣੇ ਸਰੀਰ 'ਤੇ ਲੱਖਾਂ ਮਧੂਮੱਖੀਆਂ ਨੂੰ ਬਿਠਾ ਲਿਆ। ਰੋਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਚੁੱਕੀ ਹੈ।
ਚੀਨ ਦੇ ਰਹਿਣ ਵਾਲੇ ਸ਼ਖਸ ਰੂਆਨ ਲਿਯਾਂਗਮਿੰਗ ਨੇ ਇਸ ਦੇ ਲਈ ਇਕ ਰਾਣੀ ਮੱਖੀ ਨੂੰ ਆਪਣੇ ਸਰੀਰ 'ਤੇ ਬਿਠਾਇਆ। ਇਸ ਨਾਲ ਦੂਜੀਆਂ ਬਹੁਤ ਸਾਰੀਆਂ ਮਧੂਮੱਖੀਆਂ ਖੁਦ ਆਕਰਸ਼ਿਤ ਹੋ ਗਈਆਂ। ਗਿਨੀਜ ਬੁੱਕ ਦੇ ਮੁਤਾਬਕ, ਇਹ Bee Bearding 19ਵੀਂ ਸਦੀ ਤੋਂ ਚੱਲੀ ਆ ਰਹੀ ਕਲਾ ਹੈ। ਰੂਆਨ ਨੇ ਇਸ ਐਕਟ ਦੌਰਾਨ ਕਰੀਬ 6,37,000 ਮਧੂਮੱਖੀਆਂ ਸਰੀਰ 'ਤੇ ਬਿਠਾਈਆਂ। ਉਹਨਾਂ ਦੇ ਸਰੀਰ 'ਤੇ ਬੈਠੀਆਂ ਮਧੂਮੱਖੀਆਂ ਦਾ ਵਜ਼ਨ 63.7 ਕਿਲੋ ਰਿਹਾ। ਇਹਨਾਂ ਵਿਚ 60 ਰਾਣੀ ਮਧੂਮੱਖੀਆਂ ਸਨ।
ਗਿਨੀਜ਼ ਵਰਲਡ ਰਿਕਾਰਡ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,''ਰਿਕਾਰਡ ਬ੍ਰੇਕਿੰਗ ਦੇ ਲਈ ਰੀਅਲ ਬਜ ਕ੍ਰੀਏਟ ਕਰਦਿਆਂ ਚੀਨ ਦੇ ਰੂਆਨ ਲਿਯਾਂਗਮਿੰਗ ਨੂੰ ਮਧੂਮੱਖੀਆਂ ਨਾਲ ਪਿਆਰ ਹੈ।'' ਲਿਯਾਂਗਮਿੰਗ ਨੇ ਸਾਲ 2016 ਵਿਚ ਸਭ ਤੋਂ ਵੱਧ ਮਧੂਮੱਖੀਆਂ ਨੂੰ ਆਪਣੀ ਬੌਡੀ 'ਤੇ ਰੱਖਣ ਦੇ ਲਈ ਸਫਲਤਾਪੂਰਵਕ ਵਰਲਡ ਰਿਕਾਰਡ ਬਣਾਇਆ।ਇਸ ਵਾਰ ਇਸ ਵਿਅਕਤੀ ਨੇ 6,37,000 ਤੋਂ ਵੱਧ ਮਧੂਮੱਖੀਆਂ ਨੂੰ ਆਪਣੇ ਸਰੀਰ 'ਤੇ ਬਿਠਾ ਕੇ ਵਰਲਡ ਰਿਕਾਰਡ ਬਣਾਇਆ ਹੈ।
ਰੂਆਨ ਦਾ ਕਹਿਣਾ ਹੈ ਕਿ ਅਜਿਹਾ ਕੁਝ ਕਰਨ ਲਈ ਭਾਗੀਦਾਰ ਨੂੰ ਬਿਲਕੁੱਲ ਸ਼ਾਂਤ ਰਹਿਣ ਦੀ ਲੋੜ ਹੈ। ਮਧੂਮੱਖੀ ਨੂੰ ਪਤਾ ਹੈ ਕਿ ਜੇਕਰ ਉਹ ਤੁਹਾਨੂੰ ਕੱਟੇਗੀ ਤਾਂ ਉਹ ਮਰ ਜਾਵੇਗੀ। ਇਸ ਲਈ ਉਹ ਸਿਰਫ ਉਦੋਂ ਕੱਟਦੀ ਹੈ ਜਦੋਂ ਉਸ ਨੂੰ ਤੁਹਾਡੇ ਤੋਂ ਖਤਰਾ ਮਹਿਸੂਸ ਹੁੰਦਾ ਹੈ। ਇਸ ਕੋਸ਼ਿਸ਼ ਦੌਰਾਨ ਉਹ ਸ਼ਾਂਤ ਖੜ੍ਹੇ ਰਹੇ। ਉਹਨਾਂ ਦਾ ਮੂੰਹ ਬੰਦ ਸੀ ਅਤੇ ਅੱਖਾਂ ਖੁੱਲ੍ਹੀਆਂ ਸਨ। ਉਹਨਾਂ 'ਤੇ ਮਧੂਮੱਖੀਆਂ ਪਾਉਣ ਵਾਲੇ ਲੋਕਾਂ ਨੇ ਸੁਰੱਖਿਆ ਉਪਕਰਨ ਪਹਿਨੇ ਹੋਏ ਸਨ। ਭਾਵੇਂਕਿ ਖੁਦ ਰੂਆਨ ਨੇ ਕੋਈ ਸੁਰੱਖਿਆ ਉਪਕਰਨ ਨਹੀਂ ਪਹਿਨਿਆ ਸੀ। ਇਸ ਐਕਟ ਨੂੰ ਏਂਜੇਲਾ ਵੂ ਅਤੇ ਲੀਸਾ ਹਾਫਮੈਨ ਨੇ ਜੱਜ ਕੀਤਾ।
ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਲੋਕ ਇਸ ਨੂੰ ਸ਼ੇਅਰ ਕਰਦਿਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਉੱਥੇ ਕਈ ਲੋਕਾਂ ਨੇ ਤਾਂ ਵੀਡੀਓ ਦੇਖ ਪੁੱਛਿਆ ਕੀ ਇਹ ਵਿਅਕਤੀ ਜ਼ਿੰਦਾ ਹੈ। ਉੱਥੇ ਇਕ ਹੋਰ ਯੂਜ਼ਰ ਨੇ ਲਿਖਿਆ,''ਮੈਂ ਮਰਨ ਵਾਲਾ ਹਾਂ।'' ਇਕ ਯੂਜ਼ਰ ਨੇ ਲਿਖਿਆ,''ਕਮਾਲ ਹੈ।'' ਉੱਥੇ ਕੁਝ ਲੋਕਾਂ ਨੇ ਅਜਿਹਾ ਖਤਰਨਾਕ ਕੰਮ ਕਰਨ ਦੇ ਲਈ ਰੂਆਨ ਦੀ ਆਲੋਚਨਾ ਕੀਤੀ।