ਚੀਨ ''ਚ ਜੋੜੇ ਦੇ 15 ਬੱਚੇ, ਖੁਲਾਸੇ ਮਗਰੋਂ 11 ਅਧਿਕਾਰੀਆਂ ਨੂੰ ਸਜ਼ਾ

03/22/2022 11:12:23 AM

ਬੀਜਿੰਗ (ਬਿਊਰੋ): ਚੀਨ ਇਕ ਪਾਸੇ ਜਿੱਥੇ ਘਟਦੀ ਆਬਾਦੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉੱਥੇ ਚੀਨ ਦੇ ਗੁਆਂਗਸ਼ੀ ਜੁਆਂਗ ਵਿਚ ਇਕ ਸਥਾਨਕ ਫੈਮਿਲੀ ਸਟੇਸ਼ਨ ਵਿਚ 11 ਅਧਿਕਾਰੀਆਂ ਅਤੇ ਕਰਚਮਾਰੀਆਂ ਨੂੰ ਸਜ਼ਾ ਦਿੱਤੀ ਗਈ ਹੈ। ਅਸਲ ਵਿਚ ਇੱਥੇ ਜਾਂਚ ਵਿਚ ਇਕ ਅਜਿਹੇ ਜੋੜੇ ਬਾਰੇ ਪਤਾ ਚੱਲਿਆ ਹੈ ਜਿਸ ਦੇ 15 ਬੱਚੇ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇੱਥੇ ਰਹਿਣ ਵਾਲੇ ਲਿਆਂਗ (76) ਅਤੇ ਉਸ ਦੀ ਪਤਨੀ ਲੂ ਹੌਂਗਲੇਨ (46) ਨੇ 1995 ਤੋਂ 2016 ਤੱਕ 4 ਮੁੰਡਿਆਂ ਅਤੇ 11 ਕੁੜੀਆਂ ਨੂੰ ਜਨਮ ਦਿੱਤਾ। ਇਸ ਮਾਮਲੇ ਵਿਚ ਫੈਮਿਲੀ ਪਲਾਨਿੰਗ ਸਟੇਸ਼ਨ ਦੇ ਕੁੱਲ 11 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਕੰਮ ਵਿਚ ਲਾਪਰਵਾਹੀ ਵਰਤਣ ਦਾ ਦੋਸ਼ੀ ਪਾਉਂਦੇ ਹੋਏ ਸਜ਼ਾ ਦਿੱਤੀ ਗਈ। ਇਸ ਵਿਚ ਰੋਂਗ ਕਾਊਂਟੀ ਵਿਚ ਲਿਕੁਨ ਸ਼ਹਿਰ ਦੇ ਪ੍ਰਮੁੱਖ ਅਤੇ ਸਥਾਨਕ ਫੈਮਿਲੀ ਸਟੇਸ਼ਨ ਦੇ ਡਾਇਰੈਕਟਰ ਵੀ ਸ਼ਾਮਲ ਹਨ।

ਜੋੜੇ ਨੂੰ ਨਹੀਂ ਹੋਵੇਗੀ ਸਜ਼ਾ
ਇਸ ਮਾਮਲੇ ਵਿਚ ਜੋੜੇ ਨੂੰ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਜੇਕਰ ਉਹ 'ਵਨ ਚਾਈਲਡ' ਪਾਲਿਸੀ ਦੇ ਖ਼ਤਮ ਹੋਣ ਤੋਂ ਪਹਿਲਾਂ ਫੜੇ ਜਾਂਦੇ। ਅਸਲ ਵਿਚ 1979 ਵਿਚ ਚੀਨ ਸਰਕਾਰ ਨੇ ਵਧਦੀ ਆਬਾਦੀ ਨੂੰ ਕਾਬੂ ਕਰਨ ਲਈ 'ਵਨ ਚਾਈਲਡ' ਪਾਲਿਸੀ ਲਾਗੂ ਕੀਤੀ ਸੀ। 2015 ਵਿਚ ਇਸ ਪਾਲਿਸੀ ਨੂੰ ਬਦਲ ਕੇ 'ਟੂ ਚਾਈਲਡ' ਕਰ ਦਿੱਤਾ ਗਿਆ। ਹਾਲਾਂਕਿ ਸਰਕਾਰ ਨੇ 21 ਜੁਲਾਈ, 2021 ਨੂੰ ਟੂ ਚਾਈਲਡ ਪਾਲਿਸੀ ਵਿਚ ਵੀ ਤਬਦੀਲੀ ਕਰ ਦਿੱਤੀ ਅਤੇ ਇਸ ਨਾਲ ਜੁੜੀ ਸਜ਼ਾ ਨੂੰ ਵੀ ਖ਼ਤਮ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜੋੜੇ ਦੀ ਮੁਲਾਕਾਤ 1994 ਵਿਚ ਗੁਆਂਗਡੋਂਗ ਵਿਚ ਹੋਈ ਸੀ। ਇਸ ਮਗਰੋਂ ਦੋਵਾਂ ਨੇ ਗੈਰ ਰਸਮੀ ਢੰਗ ਨਾਲ ਵਿਆਹ ਕਰਾ ਲਿਆ। ਹਾਲਾਂਕਿ ਦੋਵਾਂ ਨੇ ਵਿਆਹ ਰਜਿਸਟਰਡ ਨਹੀਂ ਕਰਾਇਆ। ਜੋੜਾ 2015 ਤੋਂ 2019 ਤੱਕ ਗਰੀਬਾਂ ਨੂੰ ਮਿਲਣ ਵਾਲੀ ਸਬਸਿਡੀ ਵੀ ਲੈਂਦਾ ਰਿਹਾ।

ਪੜ੍ਹੋ ਇਹ ਅਹਿਮ ਖ਼ਬਰ- ਚੀਨ ਦਾ ਵੱਡਾ ਕਦਮ, ਸ਼੍ਰੀਲੰਕਾ ਨੂੰ ਦੇ ਸਕਦਾ ਹੈ 2.5 ਅਰਬ ਡਾਲਰ ਦਾ ਕਰਜ਼

ਇੰਝ ਹੋਇਆ ਖੁਲਾਸਾ
ਲਿਆਂਗ ਇਸ ਤੋਂ ਪਹਿਲਾਂ 2016 ਵਿਚ ਚਰਚਾ ਵਿਚ ਆਇਆ ਸੀ ਜਦੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਆਪਣੇ ਤੋਂ 30 ਸਾਲ ਛੋਟੀ ਔਰਤ ਨਾਲ ਵਿਆਹ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਲਿਆਂਗ ਦੀ ਪਤਨੀ ਲੂ ਨੇ ਜ਼ਿਆਦਾਤਰ ਬੱਚਿਆਂ ਨੂੰ ਘਰ ਵਿਚ ਹੀ ਜਨਮ ਦਿੱਤਾ। ਚੀਨ ਵਿਚ ਜਨਤਕ ਸੁਰੱਖਿਆ ਮੰਤਰਾਲੇ ਨੇ ਮਨੁੱਖੀ ਤਸਕਰੀ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਅਜਿਹੇ ਵਿਚ ਗੁਆਂਗਸ਼ੀ ਦੇ ਰੋਂਗ ਕਾਊਂਟੀ ਵਿਚ ਇਸ ਜੋੜੇ ਬਾਰੇ ਜਾਣਕਾਰੀ ਮਿਲੀ। ਚੀਨ ਵਿਚ ਪੂਰਬੀ ਜਿਆਂਗਸੁ ਸੂਬੇ ਦੇ ਫੇਂਗ ਕਾਊਂਟੀ ਦੇ ਹੁਆਨਕੋਉ ਪਿੰਡ ਵਿਚ 8 ਲੋਕਾਂ ਦੇ ਜੰਜ਼ੀਰ ਵਿਚ ਬੰਨ੍ਹੇ ਹੋਏ ਮਿਲਣ ਦੇ ਬਾਅਦ ਮਨੁੱਖੀ ਤਸਕਰੀ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
 


Vandana

Content Editor

Related News