ਟਰੰਪ ਦੇ ਰਿਜ਼ਾਰਟ ''ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਈ ਚੀਨੀ ਔਰਤ ਗ੍ਰਿਫਤਾਰ
Thursday, Dec 19, 2019 - 04:01 PM (IST)

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਿਜ਼ਾਰਟ ਮਾਰ-ਏ-ਲਾਗੋ ਕਲੱਬ ਵਿਚ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ 'ਤੇ ਇਕ ਚੀਨੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਾਲ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਮਾਰ-ਏ-ਲਾਗੋ ਕਲੱਬ ਫਲੋਰਿਡਾ ਸੂਬੇ ਦੇ ਪਾਮ ਬੀਚ 'ਤੇ ਸਥਿਤ ਹੈ। ਇਸ ਤੋਂ ਪਹਿਲਾਂ ਬੀਤੇ ਮਾਰਚ ਮਹੀਨੇ ਯੂਜਿੰਗ ਯਾਂਗ (33) ਨਾਂ ਦੀ ਚੀਨੀ ਔਰਤ ਨੂੰ ਰਿਜ਼ਾਰਟ ਵਿਚ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ 'ਤੇ ਫੜਿਆ ਗਿਆ ਸੀ। ਸਤੰਬਰ ਮਹੀਨੇ ਉਸ ਨੂੰ ਇਸ ਦੇ ਲਈ ਇਕ ਮਹੀਨੇ ਦੀ ਸਜ਼ਾ ਵੀ ਸੁਣਾਈ ਗਈ ਸੀ।
ਟਰੰਪ ਤੇ ਉਹਨਾਂ ਦਾ ਪਰਿਵਾਰ ਰਿਜ਼ਾਰਟ ਵਿਚ ਨਹੀਂ ਸੀ ਮੌਜੂਦ
ਪਾਮ ਬੀਚ ਪੁਲਸ ਦੇ ਮੁਤਾਬਕ ਨਿੱਜੀ ਕਲੱਪ ਦੇ ਸੁਰੱਖਿਆ ਕਰਮਚਾਰੀਆਂ ਨੇ ਬੁੱਧਵਾਰ ਨੂੰ ਜਿੰਗ ਲੂ (56) ਨਾਂ ਦੀ ਔਰਤ ਨੂੰ ਰੋਕਿਆ ਤੇ ਉਸ ਨੂੰ ਵਾਪਸ ਜਾਣ ਲਈ ਕਿਹਾ ਪਰ ਉਹ ਦੁਬਾਰਾ ਭਵਨ ਵਿਚ ਦਾਖਲ ਹੋ ਗਈ ਤੇ ਫੋਟੋ ਖਿੱਚਣ ਲੱਗੀ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਲੂ ਦੇ ਵੀਜ਼ਾ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੀ ਵੀਜ਼ਾ ਮਿਆਦ ਖਤਮ ਹੋ ਚੁੱਕੀ ਹੈ। ਇਸ ਘਟਨਾ ਦੇ ਸਮੇਂ ਰਾਸਟਰਪਤੀ ਟਰੰਪ ਤੇ ਉਹਨਾਂ ਦਾ ਪਰਿਵਾਰ ਰਿਜ਼ਾਰਟ ਵਿਚ ਮੌਜੂਦ ਨਹੀਂ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹਫਤੇ ਦੇ ਅਖੀਰ ਵਿਚ ਟਰੰਪ ਮਾਰ-ਏ-ਲਾਗੋ ਪਹੁੰਚਣਗੇ ਤੇ ਉਥੇ ਹੀ ਛੁੱਟੀਆਂ ਕੱਢਣਗੇ।
ਟਰੰਪ ਖਿਲਾਫ ਮਹਾਦੋਸ਼ ਪ੍ਰਸਤਾਵ ਪਾਸ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਪ੍ਰਸਤਾਵ 'ਤੇ ਅਮਰੀਕੀ ਸੰਸਦ ਦੇ ਹਾਊਸ ਆਫ ਰਿਪ੍ਰੇਜ਼ੈਂਟੇਟਿਵ ਵਿਚ ਬੁੱਧਵਾਰ ਨੂੰ ਵੋਟਿੰਗ ਹੋਈ। ਏਐਫਪੀ ਮੁਤਾਬਕ ਟਰੰਪ ਦੇ ਖਿਲਾਫ ਲਿਆਂਦੇ ਗਏ ਮਹਾਦੋਸ਼ ਪ੍ਰਸਤਾਵ ਦੇ ਸਮਰਥਨ ਵਿਚ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਵੋਟ ਪਾਈ। ਇਸ ਨਾਲ ਉਹਨਾਂ 'ਤੇ ਮਹਾਦੋਸ਼ ਚਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲੀ ਹੈ। ਇਸ ਤੋਂ ਜ਼ਾਹਿਰ ਹੈ ਕਿ ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ ਹੋਵੇਗੀ।