ਆਰਥਿਕ ਤੰਗੀ ਦੇ ਕਾਰਨ ਖਰਚਿਆਂ ’ਚ ਕਟੌਤੀ ਕਰ ਰਹੀ ਚੀਨੀ ਜਨਤਾ
Wednesday, Oct 19, 2022 - 06:15 PM (IST)
ਨਵੀਂ ਦਿੱਲੀ : ਵਿਸ਼ਵ ਦੀ ਦੂਜੀ ਆਰਥਿਕ ਮਹਾਸ਼ਕਤੀ ਇਨ੍ਹੀਂ ਦਿਨੀਂ ਬਦਹਾਲੀ ਵੱਲ ਵਧ ਰਹੀ ਹੈ, ਉੱਥੇ ਹਾਲਤ ਐਨੀ ਖ਼ਰਾਬ ਹੈ ਕਿ ਲੋਕਾਂ ਨੇ ਆਪਣੇ ਖਰਚਿਆਂ ’ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਕਟੌਤੀ ਇਸ ਹੱਦ ਤਕ ਕੀਤੀ ਜਾ ਰਹੀ ਹੈ ਕਿ ਚੰਗੇ-ਭਲੇ ਵ੍ਹਾਈਟ ਕਾਲਰ ਜੌਬ ਕਰਨ ਵਾਲੇ ਵੀ ਦਫਤਰ ’ਚ ਦੁਪਹਿਰ ਦਾ ਭੋਜਨ 10 ਯੁਆਨ ਜਾਂ 100 ਰੁਪਏ ’ਚ ਜਾਂ ਸਿਰਫ 1.50 ਡਾਲਰ ’ਚ ਖਾਣ ਲਈ ਮਜਬੂਰ ਹਨ। ਇਹ ਹਾਲਤ ਕਿਸੇ ਛੋਟੇ ਸ਼ਹਿਰ ਦੀ ਨਹੀਂ ਸਗੋਂ ਹਾਂਗਚੋ, ਸ਼ੰਘਾਈ ਅਤੇ ਬੀਜਿੰਗ ਵਰਗੇ ਵੱਡੇ ਸ਼ਹਿਰਾਂ ’ਚ ਹੋ ਰਹੀ ਹੈ।
ਲੋਕ ਆਪਣੇ ਲਈ ਬ੍ਰਾਂਡਿਡ ਕੱਪੜੇ ਤਾਂ ਜ਼ਰੂਰ ਖਰੀਦ ਰਹੇ ਹਨ ਪਰ ਉਹ ਸੈਕੰਡ ਹੈਂਡ ਕੱਪੜਿਆਂ ਦੇ ਸਟੋਰ ’ਚ ਜਾ ਕੇ ਪਰਸ, ਘੜੀਆਂ, ਕੋਟ, ਕਮੀਜ਼-ਪੈਂਟ ਖਰੀਦ ਰਹੇ ਹਨ। ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਤਨਖਾਹ ਘੱਟ ਹੋ ਗਈ ਹੈ। ਮੌਜੂਦਾ ਹਾਲਤ ਨੂੰ ਦੇਖਦੇ ਹੋਏ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੀਆਂ ਕੰਪਨੀਆਂ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਪੈਸੇ ਦੇ ਰਹੀਆਂ ਹਨ ਜਿਸ ਨਾਲ ਇਨ੍ਹਾਂ ਦਾ ਗੁਜ਼ਾਰਾ ਔਖਾ ਚੱਲ ਰਿਹਾ ਹੈ। ਘੱਟ ਤਨਖਾਹ ਮਿਲਣ ਕਾਰਨ ਹੀ ਇਹ ਲੋਕ ਆਪਣੇ ਖਰਚਿਆਂ ’ਚ ਕਟੌਤੀ ਕਰਨ ਲਈ ਮਜਬੂਰ ਹਨ।
ਇਸ ਸਮੇਂ ਚੀਨ ’ਚ ਗਰੀਬ ਲੋਕਾਂ ਦੀ ਹਾਲਤ ਬੜੀ ਖ਼ਰਾਬ ਹੈ। ਕੰਮ ਬੰਦ ਹੋਣ ਨਾਲ ਉਨ੍ਹਾਂ ਦੀ ਆਮਦਨ ਦੇ ਸਾਰੇ ਸਾਧਨ ਖ਼ਤਮ ਹੋ ਗਏ ਹਨ, ਲਾਕਡਾਊਨ ਨੇ ਉਨ੍ਹਾਂ ਨੂੰ ਬੜਾ ਨੁਕਸਾਨ ਪਹੁੰਚਾਇਆ ਹੈ। ਦਰਮਿਆਨੀ ਆਮਦਨ ਅਤੇ ਉੱਚੀ ਆਮਦਨ ਵਾਲੇ ਲੋਕਾਂ ਦੇ ਖਰਚਿਆਂ ’ਚ ਇਕ ਬਦਲਾਅ ਸਾਫ ਤੌਰ ’ਤੇ ਦੇਖਿਆ ਜਾ ਰਿਹਾ ਹੈ। ਇਸ ਮੰਦੀ ਦੇ ਸਮੇਂ ਵੀ ਕੁਝ ਕੰਪਨੀਆਂ ਆਪਣੇ ਲਈ ਮੌਕਾ ਲੱਭ ਰਹੀਆਂ ਹਨ, ਸ਼ੰਘਾਈ ’ਚ ਜ਼ੈੱਡ. ਜ਼ੈੱਡ. ਈ. ਆਰ. ਨਾਂ ਦੀ ਕੰਪਨੀ ਆਪਣੇ ਸਟੋਰ ’ਚ ਗੂਚੀ, ਪਰਾਡਾ, ਰੋਲੈਕਸ, ਕਾਰਟੀਅਰ, ਸ਼ੇਨੇਲ, ਰੇਬੇਨ, ਐਰੋ, ਲੁਈ ਵਿੱਟਾਨ, ਵਿਕਟੋਰੀਆਜ਼ ਸੀਕ੍ਰੇਟ ਵਰਗੇ ਕਈ ਨਾਮੀ ਬ੍ਰਾਂਡ ਦੇ ਬੂਟ, ਐਨਕਾਂ, ਬਟੂਏ, ਕੱਪੜੇ, ਮੇਕਅਪ ਦਾ ਸਾਮਾਨ ਸਭ ਕੁਝ ਸੈਕੰਡ ਹੈਂਡ ਵੇਚ ਰਹੀ ਹੈ। ਇਨ੍ਹਾਂ ਦੇ ਗਾਹਕ ਵੀ ਵ੍ਹਾਈਟ ਕਾਲਰ ਨੌਕਰੀਆਂ ਕਰਨ ਵਾਲੇ ਲੋਕ ਹਨ ਜੋ ਆਪਣੇ ਸਮਾਜਿਕ ਵੱਕਾਰ ਨੂੰ ਬਣਾਈ ਰੱਖਣ ਲਈ ਵੱਡੇ ਅਤੇ ਨਾਮਵਰ ਬ੍ਰਾਂਡਾਂ ਦੇ ਸਾਮਾਨ ਨੂੰ ਅਜੇ ਵੀ ਖਰੀਦ ਰਹੇ ਹਨ ਪਰ ਸਿਰਫ ਅੱਧੇ ਰੇਟਾਂ ’ਤੇ।
ਇਹ ਖ਼ਬਰ ਵੀ ਪੜ੍ਹੋ - ਚੀਨ ਨੇ ਸ਼ਾਹਿਦ ਮਹਿਮੂਦ ਨੂੰ ਗਲੋਬਲ ਅੱਤਵਾਦੀ ਐਲਾਨਣ ਦੇ ਮਤੇ ਨੂੰ ਰੋਕਿਆ
ਜ਼ੈੱਡ. ਜ਼ੈੱਡ. ਈ. ਆਰ. ਕੰਪਨੀ ਨੂੰ ਸਾਲ 2016 ’ਚ ਆਨਲਾਈਨ ਸਟੋਰ ਦੇ ਤੌਰ ’ਤੇ ਸ਼ੁਰੂ ਕੀਤਾ ਗਿਆ ਸੀ ਪਰ ਮੌਜੂਦਾ ਅਰਥਵਿਵਸਥਾ ਦੇ ਦੌਰ ’ਚ ਇਸ ਕੰਪਨੀ ਨੇ ਸਾਲ 2021 ’ਚ ਆਪਣੇ ਸਟੋਰ ਸ਼ੰਘਾਈ ਅਤੇ ਹਾਂਗਚੋ ’ਚ ਵੀ ਖੋਲ੍ਹੇ ਹਨ, ਜਿਸ ਤਰ੍ਹਾਂ ਦਾ ਰਿਸਪਾਂਸ ਲੋਕਾਂ ਤੋਂ ਇਨ੍ਹਾਂ ਨੂੰ ਮਿਲ ਰਿਹਾ ਹੈ ਉਸ ਨੂੰ ਦੇਖਦੇ ਹੋਏ ਹੁਣ ਇਹ ਕੰਪਨੀ ਆਪਣੇ ਸਟੋਰ ਬੀਜਿੰਗ, ਕਵਾਂਨਚੌ ਅਤੇ ਸ਼ਨਛਨ ’ਚ ਵੀ ਖੋਲ੍ਹਣਾ ਚਾਹੁੰਦੀ ਹੈ। ਕੰਪਨੀ ਦੇ ਸੰਸਥਾਪਕ 33 ਸਾਲਾ ਚੂ ਤਾਈਨੀਛੀ ਨੇ ਦੱਸਿਆ ਕਿ ਇਕ ਪਾਸੇ ਚੀਨ ’ਚ ਪੈਸੇ ਵਾਲੇ ਲੋਕ ਆਪਣੀਆਂ ਮਹਿੰਗੀਆਂ ਵਸਤੂਆਂ ਨੂੰ ਇਸ ਲਈ ਵੇਚ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਹੱਥ ’ਚ ਕੈਸ਼ ਆਵੇ ਤਾਂ ਓਧਰ ਦੂਜੇ ਪਾਸੇ ਦਰਮਿਆਨਾ ਵਰਗ ਇਨ੍ਹਾਂ ਵਸਤੂਆਂ ਨੂੰ ਆਪਣਾ ਸਮਾਜਿਕ ਵੱਕਾਰ ਬਣਾਈ ਰੱਖਣ ਲਈ ਖਰੀਦ ਰਿਹਾ ਹੈ।
ਚੂ ਨੇ ਦੱਸਿਆ ਕਿ ਜਦੋਂ ਅਰਥਵਿਵਸਥਾ ਮੰਦੀ ਦੇ ਦੌਰ ’ਚ ਪਹੁੰਚ ਗਈ ਹੈ ਤਾਂ ਅਜਿਹੇ ’ਚ ਲੋਕ ਵੱਡੇ ਬ੍ਰਾਂਡ ਦਾ ਸਾਮਾਨ ਘੱਟ ਪੈਸਿਆਂ ’ਚ ਖਰੀਦਣਾ ਚਾਹੁੰਦੇ ਹਨ। ਜਦੋਂ ਤੱਕ ਅਰਥਵਿਵਸਥਾ ਦਾ ਅਜਿਹਾ ਹਾਲ ਰਹੇਗਾ, ਲੋਕ ਮੇਰੇ ਵਰਗੀਆਂ ਦੁਕਾਨਾਂ ਤੋਂ ਸਾਮਾਨ ਖਰੀਦਦੇ ਰਹਿਣਗੇ। ਅਰਥਵਿਵਸਥਾ ਦੇ ਡਿੱਗਣ ਨਾਲ ਸਾਡੇ ਉਦਯੋਗ ਨੂੰ ਬੜਾ ਫਾਇਦਾ ਪੁੱਜਾ ਹੈ। ਲੋਕਾਂ ਦੀ ਦਿਲਚਸਪੀ ਚੂ ਤਾਈਨੀਛੀ ਦੀ ਕੰਪਨੀ ’ਚ ਇੰਨੀ ਵਧ ਗਈ ਹੈ ਕਿ ਪਿਛਲੇ ਸਾਲ 2021 ਦੀ ਤੁਲਨਾ ’ਚ ਹੁਣ ਤੱਕ ਇਨ੍ਹਾਂ ਦੀ ਵਿਕਰੀ ’ਚ 40 ਫੀਸਦੀ ਦਾ ਵਾਧਾ ਹੋ ਚੁੱਕਾ ਹੈ। ਇਸ ਸਾਲ ਇਹ 50 ਲੱਖ ਲਗਜ਼ਰੀ ਵਸਤੂਆਂ ਨੂੰ ਵੇਚਣ ਦੀ ਆਸ ਕਰ ਰਹੇ ਹਨ। ਇਨ੍ਹਾਂ ਦੇ ਪਲੇਟਫਾਰਮ ’ਤੇ ਅਜੇ ਤੱਕ 1 ਕਰੋੜ 20 ਲੱਖ ਲੋਕ ਮੈਂਬਰ ਬਣ ਚੁੱਕੇ ਹਨ।
ਇਸ ਤਰ੍ਹਾਂ ਦੀਆਂ ਕੰਪਨੀਆਂ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਲਈ ਇਕ ਆਸ ਦੀ ਕਿਰਨ ਜ਼ਰੂਰ ਪੈਦਾ ਕਰ ਰਹੀਆਂ ਹਨ ਕਿਉਂਕਿ ਇਹ ਵੱਡੀਆਂ ਕੰਪਨੀਆਂ ਵਿਸ਼ਵ ਪੱਧਰੀ ਮੰਦੀ ਦੇ ਕਾਰਨ ਆਪਣੇ ਬਹੁਤ ਸਾਰੇ ਗਾਹਕਾਂ ਨੂੰ ਗੁਆ ਚੁੱਕੀਆਂ ਹਨ। ਅਜਿਹੇ ’ਚ ਇਹ ਕੰਪਨੀਆਂ ਚੀਨੀਆਂ ਦੀ ਜੇਬ ਦੇ ਹਿਸਾਬ ਨਾਲ ਆਪਣੇ ਉਤਪਾਦਾਂ ਨੂੰ ਚੀਨ ’ਚ ਉਤਾਰ ਸਕਦੀਆਂ ਹਨ।
ਕੰਸਲਟੈਂਸੀ ਫਰਮ ਆਈ ਰਿਸਰਚ ਦੀ ਪਿਛਲੇ ਸਾਲ ਦੀ ਇਕ ਰਿਪੋਰਟ ਅਨੁਸਾਰ ਚੀਨ ਦਾ ਸੈਕੰਡ ਹੈਂਡ ਵਸਤੂਆਂ ਦਾ ਬਾਜ਼ਾਰ 2025 ’ਚ 30 ਅਰਬ ਅਮਰੀਕੀ ਡਾਲਰ ਤੱਕ ਦਾ ਹੋ ਸਕਦਾ ਹੈ ਜੋ ਸਾਲ 2020 ’ਚ ਸਿਰਫ 8 ਅਰਬ ਡਾਲਰ ਦਾ ਸੀ। ਚੀਨ ’ਚ ਸੈਕੰਡ ਹੈਂਡ ਵਸਤੂਆਂ ਦੇ ਦੂਜੇ ਵਿਕ੍ਰੇਤਾ ਫੇ. ਈ. ਯੂ., ਪੋਨਹੂ ਅਤੇ ਪਲਮ ਵਰਗੀਆਂ ਕੰਪਨੀਆਂ ਹਨ, ਇਹ ਕੰਪਨੀਆਂ ਵੀ ਬਾਜ਼ਾਰ ’ਚ ਕੁਦ ਪਈਆਂ ਹਨ। ਕਦੀ ਚੀਨ ਦੇ ਲੋਕ ਦੁਨੀਆ ਦੇ ਸਭ ਤੋਂ ਮਹਿੰਗੇ ਬ੍ਰਾਂਡ ਦੇ ਉਤਪਾਦਨਾਂ ਨੂੰ ਸਭ ਤੋਂ ਪਹਿਲਾਂ ਖਰੀਦਦੇ ਸਨ ਪਰ ਆਰਥਿਕ ਬਦਹਾਲੀ ਨੇ ਚੀਨ ਦਾ ਅਜਿਹਾ ਹਾਲ ਕਰ ਦਿੱਤਾ ਹੈ ਕਿ ਹੁਣ ਉਹ ਸੈਕੰਡ ਹੈਂਡ ਵਸਤੂਆਂ ਨੂੰ ਖਰੀਦਣ ’ਤੇ ਮਜਬੂਰ ਹਨ।
ਇਹ ਖ਼ਬਰ ਵੀ ਪੜ੍ਹੋ : ਰੂਸੀ ਅਦਾਲਤ ਨੇ ਨਵਲਨੀ ਦੀ ਸਜ਼ਾ ਖ਼ਿਲਾਫ਼ ਦੂਜੀ ਅਪੀਲ ਨੂੰ ਵੀ ਕੀਤਾ ਖਾਰਜ
ਸਾਲ 2020 ’ਚ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ’ਚ ਹਾਂਗਚੋ ਵਰਗੇ ਮਹਿੰਗੇ ਸ਼ਹਿਰ ’ਚ ਵ੍ਹਾਈਟ ਕਾਲਰ ਨੌਕਰੀ ਕਰਨ ਵਾਲਿਆਂ ਨੇ ਦੁਪਹਿਰ ਦੇ ਭੋਜਨ ਦੇ ਰੇਟਾਂ ’ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ। ਜਿੱਥੇ ਪਹਿਲਾਂ ਇਹ ਲੋਕ ਆਪਣੇ ਦੁਪਹਿਰ ਦੇ ਭੋਜਨ ’ਚ 30 ਤੋਂ 40 ਯੁਆਨ ਤੱਕ ਖਰਚ ਕਰਦੇ ਸਨ, ਉੱਥੇ 2 ਸਾਲ ਪਹਿਲਾਂ ਇਹ ਲੋਕ ਆਪਣੇ ਦੁਪਹਿਰ ਦੇ ਖਾਣੇ ’ਚ ਸਿਰਫ 10 ਯੁਆਨ ਹੀ ਖਰਚ ਕਰ ਰਹੇ ਹਨ। ਰਾਤ ਦੇ ਖਾਣੇ ’ਚ ਵੀ 10 ਯੁਆਨ ਤੋਂ ਵੱਧ ਖਰਚ ਨਹੀਂ ਕਰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ