ਨੇਪਾਲ 'ਚ ਰਾਜਨੀਤਕ ਖਿੱਚੋਤਾਣ ਵਿਚਕਾਰ ਚੀਨ ਕਰ ਰਿਹੈ ਦਖ਼ਲਅੰਦਾਜ਼ੀ

Thursday, Dec 24, 2020 - 11:35 PM (IST)

ਨੇਪਾਲ 'ਚ ਰਾਜਨੀਤਕ ਖਿੱਚੋਤਾਣ ਵਿਚਕਾਰ ਚੀਨ ਕਰ ਰਿਹੈ ਦਖ਼ਲਅੰਦਾਜ਼ੀ

ਕਾਠਮੰਡੂ- ਨੇਪਾਲ ਵਿਚ ਰਾਜਨੀਤਕ ਖਿੱਚੋਤਾਣ ਸਿਖਰ 'ਤੇ ਪਹੁੰਚ ਗਈ ਹੈ। ਇਸ ਵਿਚਕਾਰ ਚੀਨੀ ਰਾਜਦੂਤ ਹਉ ਯਾਂਕੀ ਨੇ ਵੀਰਵਾਰ ਨੂੰ ਨੇਪਾਲ ਕਮਿਊਨਿਸਟ ਪਾਰਟੀ (ਐੱਨ. ਸੀ. ਪੀ.) ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨਾਲ ਮੁਲਾਕਾਤ ਕੀਤੀ ਹੈ। ਗੌਰਤਲਬ ਹੈ ਕਿ ਪਾਰਟੀ ਵਿਚ ਗੁਟਬਾਜ਼ੀ ਵਿਚਕਾਰ ਪ੍ਰਚੰਡ ਨੇ ਕੇ. ਪੀ. ਓਲੀ ਦੇ ਪਾਰਟੀ ਦੀ ਸੰਸਦੀ ਕਮੇਟੀ ਦੇ ਨੇਤਾ ਅਤੇ ਪ੍ਰਧਾਨ ਦੇ ਅਹੁਦਿਆਂ ਤੋਂ ਹਟਾਏ ਜਾਣ ਬਾਅਦ ਸੱਤਾਧਾਰੀ ਪਾਰਟੀ 'ਤੇ ਆਪਣਾ ਕੰਟਰੋਲ ਹੋਣ ਦਾਅਵਾ ਕੀਤਾ ਹੈ।

ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਪ੍ਰਚੰਡ ਦੀ ਰਿਹਾਇਸ਼ ਖਮਲਟਾਰ ਵਿਚ ਚੀਨੀ ਰਾਜਦੂਤ ਨਾਲ ਹੋਈ ਇਹ ਬੈਠਕ ਤਕਰੀਬਨ 30 ਮਿੰਟ ਚੱਲੀ। ਪ੍ਰਚੰਡ ਗੁਟ ਦੇ ਇਕ ਨਜ਼ਦੀਕੀ ਨੇਤਾ ਨੇ ਕਿਹਾ, ''ਚੀਨ ਦੀ ਰਾਜਦੂਤ ਹਉ ਯਾਂਕੀ ਨੇ ਨੇਪਾਲ ਕਮਿਊਨਿਸਟ ਪਾਰਟੀ ਦੇ ਪ੍ਰਧਾਨ ਪ੍ਰਚੰਡ ਨਾਲ ਅੱਜ ਸਵੇਰੇ ਮੁਲਾਕਾਤ ਕੀਤੀ। ਇਸ ਵਿਚ ਦੋਹਾਂ ਦੇਸ਼ਾਂ ਦੀਆਂ ਦੋ-ਪੱਖੀ ਚਿੰਤਾਵਾਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਹੋਈ।"

ਇਸ ਤੋਂ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਹੀ ਚੀਨੀ ਰਾਜਦੂਤ ਨੇ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨਾਲ ਉਨ੍ਹਾਂ ਦੇ ਸ਼ੀਤਲ ਨਿਵਾਸ ਵਿਚ ਮੁਲਾਕਾਤ ਕੀਤੀ ਸੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਚੀਨੀ ਰਾਜਦੂਤ ਨੇ ਸੰਕਟ ਦੇ ਸਮੇਂ ਨੇਪਾਲ ਦੇ ਰਾਜਨੀਤਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕੀਤੀ ਹੈ। ਹਉ ਨੇ ਮਈ ਵਿਚ ਰਾਸ਼ਟਰਪਤੀ ਭੰਡਾਰੀ, ਪ੍ਰਧਾਨ ਮੰਤਰੀ ਅਤੇ ਪ੍ਰਚੰਡ ਸਣੇ ਐੱਨ. ਸੀ. ਪੀ. ਦੇ ਹੋਰ ਸੀਨੀਅਰ ਨੇਤਾਵਾਂ ਨਾਲ ਵੱਖ-ਵੱਖ ਬੈਠਕਾਂ ਕੀਤੀਆਂ ਸਨ। ਉਸ ਵਕਤ ਵੀ ਓਲੀ 'ਤੇ ਅਸਤੀਫੇ ਦਾ ਦਬਾਅ ਸੀ। ਜੁਲਾਈ ਵਿਚ ਓਲੀ ਦੀ ਕੁਰਸੀ ਬਚਾਉਣ ਲਈ ਚੀਨੀ ਰਾਜਦੂਤ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪ੍ਰਚੰਡ, ਮਾਧਵ ਕੁਮਾਰ ਅਥੇ ਝਾਲਾ ਨਾਥ ਖਨਲ ਅਤੇ ਬਾਮਦੇਵ ਗੌਤਮ ਸਣੇ ਕਈ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਓਲੀ ਚੀਨ ਦੇ ਸਮਰਥਕ ਮੰਨੇ ਜਾਂਦੇ ਹਨ। ਕਈ ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਚੀਨੀ ਰਾਜਦੂਤ ਦੀ ਸੱਤਾਧਾਰੀ ਦਲ ਦੇ ਨੇਤਾਵਾਂ ਨਾਲ ਸਿਲਸਿਲੇਵਾਰ ਮੁਲਕਾਤਾਂ ਨੂੰ ਨੇਪਾਲ ਦੇ ਰਾਜਨੀਤਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਾਰ ਦਿੱਤਾ ਹੈ। ਨੇਪਾਲ ਲਈ ਨਿਯੁਕਤ ਚੀਨੀ ਰਾਜਦੂਤ ਹਉ ਨੇ ਓਲੀ ਲਈ ਸਮਰਥਨ ਜੁਟਾਉਣ ਦੀ ਖੁੱਲ੍ਹ ਕੇ ਕੋਸ਼ਿਸ਼ ਕੀਤੀ ਹੈ।
 


author

Sanjeev

Content Editor

Related News