ਅਫਰੀਕਾ ਨੂੰ ਟੈਸਟਿੰਗ ਗ੍ਰਾਊਂਡ ਬਣਾ ਰਿਹੈ ਚੀਨ ! ਹਾਈਟੈੱਕ ਹਥਿਆਰਾਂ ਦੇ ਪ੍ਰੀਖਣ ਲਈ ਵਰਤ ਰਿਹੈ ਜ਼ਮੀਨ

Wednesday, Sep 02, 2026 - 04:51 PM (IST)

ਅਫਰੀਕਾ ਨੂੰ ਟੈਸਟਿੰਗ ਗ੍ਰਾਊਂਡ ਬਣਾ ਰਿਹੈ ਚੀਨ ! ਹਾਈਟੈੱਕ ਹਥਿਆਰਾਂ ਦੇ ਪ੍ਰੀਖਣ ਲਈ ਵਰਤ ਰਿਹੈ ਜ਼ਮੀਨ

ਇੰਟਰਨੈਸ਼ਨਲ ਡੈਸਕ- ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਅਫ਼ਰੀਕੀ ਮਹਾਦੀਪ ਨੂੰ ਆਪਣੀਆਂ ਫੌਜੀ ਯੋਗਤਾਵਾਂ ਅਤੇ ਹਾਈਟੈੱਕ ਹਥਿਆਰਾਂ ਦੇ ਪ੍ਰੀਖਣ ਲਈ ਇੱਕ ਟੈਸਟਿੰਗ ਗਰਾਊਂਡ ਵਜੋਂ ਵਰਤ ਰਹੀ ਹੈ। ਇਸ ਨਾਲ ਚੀਨ ਅਫ਼ਰੀਕਾ ਵਿੱਚ ਸਿਰਫ਼ ਟ੍ਰੇਨਿੰਗ ਤੋਂ ਅੱਗੇ ਵਧ ਕੇ ਆਪਣੀ ਦੂਰ-ਦੁਰਾਡੇ ਦੇਸ਼ਾਂ 'ਚ ਫੌਜ ਤਾਇਨਾਤ ਕਰਨ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰ ਰਿਹਾ ਹੈ।

ਚੀਨ ਅਤੇ ਮਿਸਰ ਵਿਚਾਲੇ ਹੋਇਆ ਤਾਜ਼ਾ ਹਵਾਈ ਫੌਜੀ ਅਭਿਆਸ ਚੀਨੀ ਹਵਾਈ ਸੈਨਾ ਲਈ ਵੱਡੀ ਭੂ-ਰਾਜਨੀਤਿਕ ਜਿੱਤ ਮੰਨਿਆ ਜਾ ਰਹਾ ਹੈ। ਇਸ ਅਭਿਆਸ 'ਚ ਚੀਨ ਨੇ ਆਪਣੇ J-16 ਲੜਾਕੂ ਜਹਾਜ਼, YY-20A ਏਅਰਲਾਈਨ ਰੀਫਿਊਲਰ ਅਤੇ KJ-500 ਵਾਰਨਿੰਗ ਏਅਰਕ੍ਰਾਫਟ ਸ਼ਾਮਲ ਕੀਤੇ। ਇਸ ਦੌਰਾਨ ਚੀਨੀ J-16 ਜਹਾਜ਼ਾਂ ਦਾ ਸਾਹਮਣਾ ਮਿਸਰ ਦੇ ਫ੍ਰੈਂਚ-ਮੇਡ ਰਾਫੇਲ ਲੜਾਕੂ ਜਹਾਜ਼ਾਂ ਨਾਲ ਹੋਇਆ, ਜਿਸ ਨਾਲ ਚੀਨ ਨੂੰ ਪੱਛਮੀ ਦੇਸ਼ਾਂ ਦੇ ਆਧੁਨਿਕ ਜੰਗੀ ਜਹਾਜ਼ਾਂ ਖ਼ਿਲਾਫ਼ ਆਪਣੀ ਤਾਕਤ ਪਰਖਣ ਦਾ ਮੌਕਾ ਮਿਲਿਆ।

ਚੀਨੀ ਹਵਾਈ ਸੈਨਾ ਨੇ 4 ਦੇਸ਼ਾਂ ਅਤੇ 2 ਮਹਾਦੀਪਾਂ ਨੂੰ ਪਾਰ ਕਰਕੇ ਲਗਭਗ 9 ਘੰਟਿਆਂ ਵਿੱਚ 6,000 ਕਿਲੋਮੀਟਰ ਤੋਂ ਵੱਧ ਦੂਰੀ 'ਤੇ ਆਪਣੇ ਜੰਗੀ ਬੇੜੇ ਤਾਇਨਾਤ ਕਰ ਕੇ ਆਪਣੀ ਲੌਜਿਸਟਿਕਸ ਅਤੇ ਲੰਬੀ ਦੂਰੀ 'ਚ ਹਮਲਾ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਚੀਨ ਨੇ ਤਨਜ਼ਾਨੀਆ, ਮੋਜ਼ਾਂਬਿਕ, ਰੂਸ, ਦੱਖਣੀ ਅਫ਼ਰੀਕਾ ਅਤੇ ਇਰਾਨ ਨਾਲ ਮਿਲ ਕੇ ਵੀ ਅਫ਼ਰੀਕੀ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਜ਼ਮੀਨੀ, ਹਵਾਈ ਅਤੇ ਸਮੁੰਦਰੀ ਅਭਿਆਸ ਕੀਤੇ ਹਨ। 2000 ਤੋਂ 2026 ਦਰਮਿਆਨ ਚੀਨ ਨੇ ਅਫ਼ਰੀਕਾ 'ਚ 24 ਤੋਂ ਵੱਧ ਫੌਜੀ ਅਭਿਆਸ ਕੀਤੇ ਹਨ।

ਰਿਪੋਰਟਾਂ ਅਨੁਸਾਰ, ਚੀਨ ਦੀਆਂ ਇਹ ਗਤੀਵਿਧੀਆਂ ਅਫ਼ਰੀਕੀ ਦੇਸ਼ਾਂ ਦੀ ਫੌਜ ਨੂੰ ਮਜ਼ਬੂਤ ਕਰਨ ਲਈ ਘੱਟ ਅਤੇ ਚੀਨ ਦੇ ਆਪਣੇ ਗਲੋਬਲ ਫੌਜੀ ਪ੍ਰਭਾਵ ਨੂੰ ਵਧਾਉਣ ਲਈ ਜ਼ਿਆਦਾ ਕੇਂਦ੍ਰਿਤ ਹਨ, ਜਿਸ ਨਾਲ ਗਲੋਬਲ ਪਾਵਰ ਦੇਸ਼, ਜਿਵੇਂ ਅਮਰੀਕਾ, ਇੰਗਲੈਂਡ, ਫਰਾਂਸ ਲਈ ਰਣਨੀਤਕ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ।


author

Harpreet SIngh

Content Editor

Related News