ਪਾਕਿਸਤਾਨ ''ਚ ਮਹਿੰਗਾਈ ਨੇ ਤੋੜਿਆ ਲੱਕ ! ਕੇਂਦਰੀ ਬੈਂਕ ਲਈ ਵਿਆਜ ਦਰਾਂ ''ਚ ਰਿਆਇਤ ਦੇਣਾ ਹੋਇਆ ਔਖ਼ਾ
Wednesday, Sep 02, 2026 - 04:38 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਮਿਡਲ ਈਸਟ 'ਚ ਛਿੜੀ ਜੰਗ ਕਾਰਨ ਦੁਨੀਆ ਦੇ ਕਈ ਦੇਸ਼ ਮੰਦੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ, ਇਸੇ ਦੌਰਾਨ ਗੁਆਂਢੀ ਮੁਲਕ ਪਾਕਿਸਤਾਨ 'ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਾਕਿਸਤਾਨ 'ਚ ਮਹਿੰਗਾਈ ਦੀ ਦਰ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਨਾਲੋਂ ਜ਼ਿਆਦਾ ਦਰਜ ਕੀਤੀ ਗਈ ਹੈ, ਜਿਸ ਕਾਰਨ ਦੇਸ਼ ਦੇ ਕੇਂਦਰੀ ਬੈਂਕ ਲਈ ਆਉਣ ਵਾਲੀ ਮੁਦਰਾ ਨੀਤੀ 'ਚ ਵਿਆਜ ਦਰਾਂ ਘਟਾਉਣ ਦਾ ਫੈਸਲਾ ਮੁਸ਼ਕਿਲ ਹੋ ਗਿਆ ਹੈ।
ਰਿਪੋਰਟਾਂ ਅਨੁਸਾਰ, ਖਾਧ ਪਦਾਰਥਾਂ ਅਤੇ ਤੇਲ-ਗੈਸ ਦੀਆਂ ਕੀਮਤਾਂ 'ਚ ਵਾਧੇ ਕਾਰਨ ਅਗਸਤ 'ਚ ਪਾਕਿਸਤਾਨ ਦੀ ਮਹਿੰਗਾਈ ਦਰ ਉਮੀਦ ਨਾਲੋਂ ਜ਼ਿਆਦਾ ਰਹੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਮਹਿੰਗਾਈ 'ਚ ਆਏ ਇਸ ਉਛਾਲ ਤੋਂ ਬਾਅਦ ਸਟੇਟ ਬੈਂਕ ਆਫ਼ ਪਾਕਿਸਤਾਨ ਵਿਆਜ ਦਰਾਂ ਵਿੱਚ ਅੱਗੇ ਕਟੌਤੀ ਕਰਨ ਵੇਲੇ ਸਾਵਧਾਨੀ ਵਰਤੇਗਾ। ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਬੈਂਕ ਵੱਲੋਂ ਨੀਤੀਗਤ ਵਿਆਜ ਦਰਾਂ ਨੂੰ ਫਿਲਹਾਲ ਉੱਚਾ ਰੱਖਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ।
ਇਸੇ ਦੌਰਾਨ ਪਾਕਿਸਤਾਨ ਸਰਕਾਰ ਅਤੇ ਕੇਂਦਰੀ ਬੈਂਕ 'ਤੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਬੇਲਆਊਟ ਪ੍ਰੋਗਰਾਮ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦਾ ਭਾਰੀ ਦਬਾਅ ਹੈ, ਜਿਸ ਤਹਿਤ ਮਹਿੰਗਾਈ 'ਤੇ ਕਾਬੂ ਪਾਉਣਾ ਇਸ ਸਮੇਂ ਸ਼ਰੀਫ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।
