ਆਪਣੇ ਵਿਕਾਸ ਲਈ ਗੁਆਂਢੀ ਦੇਸ਼ਾਂ ਨੂੰ ''ਖੋਰਾ'' ਲਾ ਰਿਹਾ ਚੀਨ !
Tuesday, Sep 01, 2026 - 05:14 PM (IST)
ਇੰਟਰਨੈਸ਼ਨਲ ਡੈਸਕ- ਚੀਨ ਦੀਆਂ ਖੇਤਰੀ ਅਤੇ ਗਲੋਬਲ ਆਰਥਿਕ ਨੀਤੀਆਂ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਮੀਡੀਆ ਰਿਪੋਰਟ ਅਨੁਸਾਰ ਚੀਨ "ਬੈਗਰ-ਥਾਈ-ਨੇਬਰ" ਸ਼ਕਤੀ ਵਜੋਂ ਕੰਮ ਕਰ ਰਿਹਾ ਹੈ, ਯਾਨੀ ਉਹ ਆਪਣੇ ਵਿਕਾਸ ਲਈ ਗੁਆਂਢੀ ਦੇਸ਼ਾਂ ਦੇ ਆਰਥਿਕ ਅਤੇ ਰਣਨੀਤਕ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਚੀਨ 'ਚ ਘਰੇਲੂ ਖਪਤ ਘਟਣ ਕਾਰਨ ਉਹ ਇਲੈਕਟ੍ਰਿਕ ਵਾਹਨ, ਸੋਲਰ ਪੈਨਲ ਅਤੇ ਉਦਯੋਗਿਕ ਮਾਲ ਬਹੁਤ ਘੱਟ ਕੀਮਤਾਂ 'ਤੇ ਗੁਆਂਢੀ ਦੇਸ਼ਾਂ ਵਿੱਚ ਵੇਚ ਰਿਹਾ ਹੈ। ਇਸ ਨਾਲ ਸਥਾਨਕ ਉਦਯੋਗ ਖ਼ਤਮ ਹੋ ਰਹੇ ਹਨ।
ਏਸ਼ੀਆਈ ਦੇਸ਼ਾਂ ਨੂੰ ਦਿੱਤੇ ਭਾਰੀ ਕਰਜ਼ੇ ਮੋੜਨ 'ਚ ਅਸਮਰੱਥ ਹੋਣ 'ਤੇ ਚੀਨ ਉਨ੍ਹਾਂ ਦੇ ਬੁਨਿਆਦੀ ਢਾਂਚੇ ਅਤੇ ਬੰਦਰਗਾਹਾਂ 'ਤੇ ਆਪਣਾ ਕਬਜ਼ਾ ਕਰ ਰਿਹਾ ਹੈ। ਮੇਕਾਂਗ ਨਦੀ ਅਤੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਕਾਰਨ ਵੀਅਤਨਾਮ, ਫਿਲੀਪੀਨਜ਼ ਅਤੇ ਮਲੇਸ਼ੀਆ ਵਰਗੇ ਗੁਆਂਢੀਆਂ ਦੇ ਜਲ-ਸਾਧਨ ਤੇ ਆਰਥਿਕ ਖੇਤਰ ਪ੍ਰਭਾਵਿਤ ਹੋ ਰਹੇ ਹਨ।
ਦੂਜੇ ਪਾਸੇ, ਚੀਨ ਦਾ ਦਾਅਵਾ ਹੈ ਕਿ ਉਸ ਦਾ ਆਰਥਿਕ ਵਿਕਾਸ 'ਗਲੋਬਲ ਸਾਊਥ' ਲਈ ਨਵੇਂ ਮੌਕੇ ਪੈਦਾ ਕਰਦਾ ਹੈ ਅਤੇ ਉਹ ਸਾਂਝੇ ਭਵਿੱਖ ਦੇ ਸਿਧਾਂਤ 'ਤੇ ਕੰਮ ਕਰ ਰਿਹਾ ਹੈ। ਹਾਲਾਂਕਿ ਚੀਨ ਨੂੰ ਪੂਰੀ ਦੁਨੀਆ ਦਾ ਪ੍ਰੋਡਕਸ਼ਨ ਹੱਬ ਕਿਹਾ ਜਾਂਦਾ ਹੈ, ਪਰ ਉਸ ਦੀਆਂ ਹਮਲਾਵਰ ਨੀਤੀਆਂ ਉਸ ਦੇ ਗੁਆਂਢੀ ਦੇਸ਼ਾਂ ਨੂੰ ਅੱਗੇ ਵਧਣ 'ਚ ਅਸਮਰੱਥ ਬਣਾ ਰਹੀਆਂ ਹਨ।
