ਸਕਾਟਲੈਂਡ 'ਚ ਏਸ਼ੀਆਈ ਮੂਲ ਦੇ ਘਰਾਂ 'ਚੋਂ ਸੋਨਾ-ਚਾਂਦੀ ਦੀ ਲੁੱਟ-ਖੋਹ, ਗਿਰੋਹ ਵਰਤ ਰਹੇ 'ਮੈਟਲ ਡਿਟੈਕਟਰ'
Wednesday, Sep 02, 2026 - 02:30 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਲੁਟੇਰਿਆਂ ਦੇ ਗਿਰੋਹਾਂ ਬਾਰੇ ਚਰਚਾ ਚੱਲ ਰਹੀ ਹੋਣ ਕਰਕੇ ਏਸ਼ੀਆਈ ਭਾਈਚਾਰੇ ਦੇ ਲੋਕ ਵਧੇਰੇ ਚਿੰਤਤ ਨਜ਼ਰ ਆ ਰਹੇ ਹਨ। ਪੁਲਿਸ ਵਲੋਂ ਜਾਰੀ ਕੀਤੀਆਂ ਚੇਤਾਵਨੀਆਂ ਵਿੱਚ ਵੀ ਆਪਣੇ ਕੀਮਤੀ ਸਮਾਨ, ਸੋਨਾ, ਜੇਵਰਾਤ, ਨਗਦੀ ਆਦਿ ਦੀ ਵਧੇਰੇ ਸੰਭਾਲ ਕਰਨ ਲਈ ਕਿਹਾ ਗਿਆ ਹੈ। ਪਿਛਲੇ ਇੱਕ ਦਹਾਕੇ ਤੋਂ ਏਸ਼ੀਆਈ ਮੂਲ ਦੇ ਘਰਾਂ ਵਿੱਚ ਸੰਨ੍ਹ ਲਾ ਕੇ ਸੋਨਾ, ਨਗਦੀ ਆਦਿ ਲੁੱਟ ਲੈਣਾ ਆਮ ਗੱਲ ਬਣੀ ਹੋਈ ਹੈ। ਹਾਲ ਹੀ ਵਿੱਚ ਹੀ ਗਲਾਸਗੋ ਦੇ ਵਾਈਟਕਰੇਗਜ਼ ਖੇਤਰ ਵਿੱਚ ਕੁਝ ਘਰਾਂ ਵਿੱਚ ਲੁੱਟਖੋਹ ਹੋਣ ਦਾ ਸਮਾਚਾਰ ਹੈ।

ਲੰਘੇ ਫਰਵਰੀ ਮਹੀਨੇ ਵਿੱਚ ਲਗਭਗ 10 ਪਰਿਵਾਰਾਂ ਨੂੰ ਲੁੱਟਖੋਹ ਦਾ ਸਾਹਮਣਾ ਕਰਨਾ ਪਿਆ ਸੀ। ਲਗਭਗ ਬਹੁਤਾਤ ਘਟਨਾਵਾਂ ਇੱਕੋ ਢੰਗ ਤਰੀਕੇ ਨਾਲ ਹੋਈਆਂ ਦੱਸੀਆਂ ਜਾ ਰਹੀਆਂ ਹਨ। ਕਿਹਾ ਜਾਂਦਾ ਹੈ ਕਿ ਗਿਰੋਹ ਵਲੋਂ ਮੈਟਲ ਡਿਟੈਕਟਰ ਵਰਤ ਕੇ ਸੋਨਾ, ਚਾਂਦੀ ਆਦਿ ਨੂੰ ਪਹਿਲ ਦੇ ਅਧਾਰ 'ਤੇ ਲੁੱਟਿਆ ਜਾਂਦਾ ਹੈ। 2017 ਵਿੱਚ ਇਨ੍ਹਾਂ ਘਟਨਾਵਾਂ ਦੀ ਸ਼ੁਰੂਆਤ ਹੋਈ ਸੀ ਜਦੋਂ ਸਕਾਟਲੈਂਡ ਦੇ ਵੱਖ-ਵੱਖ ਇਲਾਕਿਆਂ ਵਿੱਚ 44 ਵਾਰਦਾਤਾਂ ਹੋਈਆਂ ਸਨ ਤੇ ਲਗਭਗ 6 ਲੱਖ ਪੌਂਡ ਦੀ ਨਗਦੀ ਤੇ ਕੀਮਤੀ ਚੀਜ਼ਾਂ ਚੋਰੀ ਹੋਈਆਂ। ਇਨ੍ਹਾਂ ਘਟਨਾਵਾਂ ਵਿੱਚੋਂ ਵਧੇਰੇ ਨਿਊਟਨ ਮੈਅਰਨ ਤੇ ਰੋਬਰਸਟਨ 'ਚ ਵਾਪਰੀਆਂ ਸਨ। ਪੁਲਿਸ ਸਕਾਟਲੈਂਡ ਵੱਲੋਂ ਪਹਿਲਾਂ ਹੀ ਅਪਰੇਸ਼ਨ ਸੂਟਕੇਸ ਆਰੰਭਿਆ ਹੋਇਆ ਹੈ ਤਾਂ ਕਿ ਏਸ਼ੀਆਈ ਲੋਕਾਂ ਦੇ ਘਰਾਂ 'ਚ ਸੋਨੇ ਆਦਿ ਵਰਗੀਆਂ ਕੀਮਤੀ ਧਾਤਾਂ ਦੀ ਲੁੱਟ ਰੋਕੀ ਜਾ ਸਕੇ।

ਪੜ੍ਹੋ ਇਹ ਅਹਿਮ ਖ਼ਬਰ- ਬੱਚਿਆਂ ਦਾ 'ਪਾਸਪੋਰਟ' ਬਣਾਉਣਾ ਹੋਵੇਗਾ ਔਖਾ ! ਅਮਰੀਕਾ 'ਚ ਜਲਦ ਲਾਗੂ ਹੋਵੇਗਾ ਨਵਾਂ ਨਿਯਮ
2019 ਵਿੱਚ 35 ਲੁੱਟਖੋਹ ਵਾਰਦਾਤਾਂ ਹੋਈਆਂ, ਜਿਨ੍ਹਾਂ 'ਚ ਪੰਜ ਲੱਖ ਪੌਂਡ ਮੁੱਲ ਦਾ ਸੋਨਾ, ਨਗਦੀ, ਆਦਿ ਮਹਿਜ਼ ਛੇ ਮਹੀਨੇ 'ਚ ਲੁੱਟਿਆ ਗਿਆ। ਇਹ ਵਾਰਦਾਤਾਂ ਗਲਾਸਗੋ, ਪੇਜਲੀ, ਰੈਨਫਰੂ, ਏਅਰਸ਼ਾਇਰ ਤੇ ਐਡਨਬਰਾ ਵਿੱਚ ਵਾਪਰੀਆਂ ਸਨ। ਲੁਟੇਰਿਆਂ ਵੱਲੋਂ ਤੋਹਫੇ, ਜ਼ਰੂਰੀ ਕਾਗਜ਼ਾਤ, ਪਾਸਪੋਰਟ, ਕੈਸ਼ ਆਦਿ ਵੀ ਲੁੱਟ ਲਏ ਗਏ ਸਨ। ਬਾਥਗੇਟ ਵਿੱਚ ਇਕ ਘਰ 'ਚੋਂ 27 ਹਜ਼ਾਰ ਪੌਂਡ ਤੱਕ ਦਾ ਸਮਾਨ ਵੀ ਲੁੱਟਿਆ ਗਿਆ ਸੀ। ਅਗਸਤ 2021 ਵਿੱਚ 14 ਘਰ, 11 ਦਿਨਾਂ ਵਿੱਚ ਨਿਸ਼ਾਨਾ ਬਣਾਏ ਗਏ, ਜਿੰਨ੍ਹਾਂ ਵਿੱਚੋਂ 2 ਲੱਖ ਪੌਂਡ ਤੱਕ ਦੀ ਲੁੱਟ ਹੋਈ। ਲੁਟੇਰਿਆਂ ਵਲੋਂ ਬੀਥ, ਬਾਥਗੇਟ, ਕੈਂਬਸਲੈਂਗ, ਪੇਜਲੀ, ਈਸਟ ਕਿਲਬਰਾਈਡ ਤੇ ਗਲਾਸਗੋ ਵਿੱਚ ਵਾਰਦਾਤਾਂ ਨੂੰ ਬਹੁਤ ਹੀ ਦਲੇਰੀ ਨਾਲ ਅੰਜਾਮ ਦਿੱਤਾ ਗਿਆ। ਕੁਝ ਘਰਾਂ ਵਿੱਚ ਲਗਾਈਆਂ ਹੋਈਆਂ ਲੁਕਵੀਆਂ ਤਿਜੋਰੀਆਂ ਵੀ ਉਡਾ ਕੇ ਲੈ ਗਏ। ਪੁਲਿਸ ਵੱਲੋਂ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਸ਼ੋਸ਼ਲ ਮੀਡੀਆ ਪੋਸਟਾਂ ਵੀ ਲੁੱਟ ਦਾ ਕਾਰਨ ਬਣਦੀਆਂ ਹਨ। ਜਦੋਂ ਅਸੀਂ ਪਰਿਵਾਰਾਂ ਸਮੇਤ ਛੁੱਟੀਆਂ ਬਿਤਾਉਣ ਗਏ, ਆਪਣੀਆਂ ਤਸਵੀਰਾਂ, ਵੀਡੀਓ, ਸ਼ੋਸ਼ਲ ਮੀਡੀਆ 'ਤੇ ਪਾਉਂਦੇ ਹਾਂ, ਤਾਂ ਇਹ ਲੁਟੇਰਿਆਂ ਲਈ ਸਾਫ਼-ਸਾਫ਼ ਹਰੀ ਝੰਡੀ ਹੁੰਦੀ ਹੈ ਕਿ ਇਨ੍ਹਾਂ ਘਰਾਂ ਵਿੱਚ ਕੋਈ ਮੌਜੂਦ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
