ਹੁਣ ਚੀਨ 'ਨਕਲੀ ਸੂਰਜ' ਤੋਂ ਲਵੇਗਾ ਕੰਮ, ਅਸਲੀ ਤੋਂ 10 ਗੁਣਾ ਵੱਧ ਦੇਵੇਗਾ ਊਰਜਾ
Saturday, Dec 05, 2020 - 12:09 PM (IST)
ਬੀਜਿੰਗ- ਚੀਨ ਨੇ ਪਹਿਲੀ ਵਾਰ ਆਪਣੇ 'ਨਕਲੀ ਸੂਰਜ' ਪ੍ਰਮਾਣੂ ਫਿਊਜ਼ਨ ਰਿਐਕਟਰ ਨੂੰ ਸਫਲਤਾਪੂਰਵਕ ਚਾਲੂ ਕਰ ਲਿਆ ਹੈ। ਇਸ ਨਕਲੀ ਸੂਰਜ ਨਾਲ ਸਾਫ਼ ਊਰਜਾ ਪੈਦਾ ਹੋਵੇਗੀ। ਇਸ ਦੀ ਜਾਣਕਾਰੀ ਉੱਥੋਂ ਦੇ ਸਥਾਨਕ ਮੀਡੀਆ ਵਿਚ ਦਿੱਤੀ ਗਈ ਹੈ।
ਦਰਅਸਲ, ਜਿਸ ਫਿਊਜ਼ਨ ਨਾਲ ਸੂਰਜ ਵਿਚ ਊਰਜਾ ਪੈਦਾ ਹੁੰਦੀ ਹੈ, ਉਸੇ ਤਰ੍ਹਾਂ ਦੀ ਊਰਜਾ ਬਣਾਉਣ 'ਤੇ ਚੀਨ 2006 ਤੋਂ ਕੰਮ ਕਰ ਰਿਹਾ ਸੀ। ਇਸ ਦੀ ਊਰਜਾ ਸਮਰੱਥਾ ਕਾਰਨ ਹੀ ਇਸ ਨੂੰ ਨਕਲੀ ਸੂਰਜ ਦਾ ਨਾਂ ਦਿੱਤਾ ਗਿਆ ਹੈ।
ਰਿਐਕਟਰ ਐੱਚ. ਐੱਲ-2 ਐੱਮ. ਚੀਨ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਨਤ ਪ੍ਰਮਾਣੂ ਫਿਊਜ਼ਨ ਪ੍ਰਯੋਗਾਤਮਕ ਖੋਜ ਯੰਤਰ ਹੈ ਅਤੇ ਵਿਗਿਆਨੀ ਉਮੀਦ ਕਰਦੇ ਹਨ ਕਿ ਇਹ ਉਪਕਰਣ ਸੰਭਾਵਤ ਤੌਰ 'ਤੇ ਇਕ ਸ਼ਕਤੀਸ਼ਾਲੀ ਸਾਫ਼ ਊਰਜਾ ਪੈਦਾ ਕਰ ਸਕਦਾ ਹੈ। ਰਿਐਕਟਰ ਐੱਚ. ਐੱਲ-2 ਐੱਮ. ਨੂੰ ਸਿਚੁਆਨ ਸੂਬੇ ਦੀ ਰਾਜਧਾਨੀ ਵਿਚ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਬ੍ਰਾਜ਼ੀਲ 'ਚ ਪੁਲ਼ ਤੋਂ ਹੇਠਾਂ ਡਿਗੀ ਬੱਸ, ਘੱਟੋ-ਘੱਟ 16 ਲੋਕਾਂ ਦੀ ਮੌਤ (ਤਸਵੀਰਾਂ)
ਇਹ ਸੂਰਜ ਤੋਂ ਤਕਰੀਬਨ 10 ਗੁਣਾ ਜ਼ਿਆਦਾ ਤਾਪਮਾਨ ਪੈਦਾ ਕਰ ਸਕਦਾ ਹੈ। ਚੀਨ ਨੇ ਸੂਰਜ ਦੀ ਊਰਜਾ 'ਤੇ ਆਧਾਰਿਤ ਇਹ ਪ੍ਰਮਾਣੂ ਰਿਐਕਟਰ ਤਿਆਰ ਕੀਤਾ ਹੈ। ਸੂਰਜ ਵਿਚ ਨਿਊਕਲੀਅਰ ਫਿਊਜ਼ਨ ਨਾਲ ਊਰਜਾ ਪੈਦਾ ਹੁੰਦੀ ਹੈ। ਇਸ ਤਕਨੀਕ 'ਤੇ ਰਿਐਕਟਰ ਬਣਾਉਣਾ ਕਾਫੀ ਮਹਿੰਗਾ ਹੈ। ਪ੍ਰਮਾਣੂ ਊਰਜਾ ਦੇ ਇਸਤੇਮਾਲ ਵਿਚ ਚੀਨ ਦੀ ਇਹ ਵੱਡੀ ਪ੍ਰਾਪਤੀ ਹੈ।
ਚੀਨ ਦੀ ਇਸ ਤਕਨੀਕ 'ਤੇ ਤੁਸੀਂ ਕੀ ਸੋਚਦੇ ਹੋ? ਕੁਮੈਂਟ ਬਾਕਸ 'ਚ ਦਿਓ ਰਾਇ