ਚੀਨ ''ਚ ਕੋਰੋਨਾ ਕਾਰਨ ਜਨਵਰੀ ਤੋਂ ਬੰਦ ਪਏ ਸਕੂਲ ਖੁੱਲ੍ਹੇ, ਸਮਾਜਿਕ ਦੂਰੀ ਦਾ ਨਿਯਮ ਲਾਗੂ
Tuesday, Apr 28, 2020 - 06:19 PM (IST)
ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਦੇ ਕਾਰਨ ਜਨਵਰੀ ਮਹੀਨੇ ਤੋਂ ਬੰਦ ਪਏ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਸੋਮਵਾਰ ਨੂੰ ਦੁਬਾਰਾ ਖੁੱਲ੍ਹ ਗਏ। ਭਾਵੇਂਕਿ ਇਹਨਾਂ ਸਕੂਲਾਂ ਵਿਚ ਹਾਲੇ ਸਿਰਫ ਆਖਰੀ ਸਾਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਹਾਈ ਸਕੂਲ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਸਕਣ। ਇਸ ਸਾਲ ਦਾਖਲਾ ਪ੍ਰੀਖਿਆਵਾਂ 7 ਅਤੇ 8 ਜੁਲਾਈ ਨੂੰ ਹੋਣੀਆਂ ਹਨ। ਕੁਝ ਸੂਬਿਆਂ ਵਿਚ ਛੋਟੀਆਂ ਕਲਾਸਾਂ ਦੇ ਵਿਦਿਆਰਥੀ ਵੀ ਸਕੂਲ ਪਹੁੰਚ ਰਹੇ ਹਨ।
Practice social distancing: 1st-3rd graders in Hangzhou, E China's Zhejiang Province, wear hand-made 1-meter-diameter hats as schools reopen in the city. pic.twitter.com/RxGnvuEF0e
— People's Daily, China (@PDChina) April 26, 2020
ਚੀਨ ਵਿਚ ਬੀਤੀ 25 ਜਨਵਰੀ ਨੂੰ ਮਨਾਏ ਗਏ ਨਵੇਂ ਸਾਲ (ਲੂਨਰ ਯੀਅਰ) ਦੇ ਸਿਲਸਿਲੇ ਵਿਚ ਸਕੂਲਾਂ ਵਿਚ ਛੁੱਟੀਆਂ ਸਨ। ਬਾਅਦ ਵਿਚ ਕੋਰੋਨਾ ਪ੍ਰਕੋਪ ਕਾਰਨ ਸਕੂਲ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ। ਉਦੋਂ ਤੋਂ ਪੂਰੇ ਚੀਨ ਵਿਚ ਸਕੂਲ ਅਤੇ ਕਾਲਜ ਬੰਦ ਸਨ। ਕੋਰੋਨਾ 'ਤੇ ਅਕੁੰਸ਼ ਦੇ ਬਾਅਦ ਹੁਣ ਇਸ ਦੇਸ਼ ਵਿਚ ਸਥਿਤੀ ਹੌਲੀ-ਹੌਲੀ ਸਧਾਰਨ ਕੀਤੀ ਜਾ ਰਹੀ ਹੈ। ਸਿੱਖਿਆ ਮੰਤਰਾਲੇ ਦੇ ਨਿਦੇਸ਼ਕ ਵਾਂਗ ਡੇਨਫੇਂਗ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਖੋਲ੍ਹ ਦਿੱਤੇ ਗਏ ਹਨ। ਬੱਚੇ ਵੀ ਲੰਬੀ ਛੁੱਟੀ ਦੇ ਬਾਅਦ ਸਕੂਲ ਵਾਪਸ ਆਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
ਸਕੂਲ ਖੁੱਲ੍ਹਣ ਦੇ ਬਾਅਦ ਬਾਅਦ ਬੱਚੇ ਸੁਰੱਖਿਅਤ ਰਹਿਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਰਹਿਣ ਇਸ ਲਈ ਅਨੋਖੇ ਤਰੀਕੇ ਵਰਤੇ ਜਾ ਰਹੇ ਹਨ। ਅਜਿਹਾ ਹੀ ਕੁਝ ਦੇਖਿਆ ਗਿਆ ਸਕੂਲਾਂ ਵਿਚ, ਜਿੱਥੇ ਬੱਚੇ ਕੁਝ ਅਜਿਹਾ ਹੈੱਡ ਗਿਯਰ ਪਹਿਨ ਕੇ ਪਹੁੰਚੇ ਕਿ ਲੋਕਾਂ ਨੂੰ ਕਰੀਬ 741 ਸਾਲ ਪੁਰਾਣੇ ਇਕ ਸਾਮਰਾਜ ਦੀ ਯਾਦ ਆ ਗਈ।
1 ਮੀਟਰ ਸਕੇਲ
ਚੀਨ ਦੇ ਇਕ ਸਕੂਲ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਬੱਚਿਆਂ ਵਿਚ ਘੱਟੋ-ਘੱਟ 1 ਮੀਟਰ ਦੀ ਦੂਰੀ ਰਹੇ ਇਸ ਲਈ ਉਹਨਾਂ ਨੂੰ ਸਪੈਸ਼ਲ ਹੈੱਡ ਗਿਯਰ ਪਵਾਇਆ ਗਿਆ। ਖਾਸ ਗੱਲ ਇਹ ਹੈ ਕਿ ਇਹ ਗਿਯਰ ਵਰਦੀ ਦਾ ਹਿੱਸਾ ਤਾਂ ਹਨ ਪਰ ਬੋਰਿੰਗ ਨਹੀਂ।
741 ਸਾਲ ਪੁਰਾਣੇ ਸਾਮਰਾਜ ਦੀ ਯਾਦ
ਅਸਲ ਵਿਚ ਲੋਕਾਂ ਨੇ ਨੋਟਿਸ ਕੀਤਾ ਹੈ ਕਿ ਇਹਨਾਂ ਬੱਚਿਆਂ ਦੇ ਹੈੱਡ ਗਿਯਰ 741 ਸਾਲ ਪੁਰਾਣੇ ਸੌਂਗ ਸਾਮਰਾਜ ਜਿਹੇ ਲੱਗਦੇ ਹਨ। 960-1279 ਤੱਕ ਰਹੇ ਇਸ ਸਾਮਰਾਜ ਵਿਚ ਇਹ ਹੈਟ ਦੇਖੀ ਜਾਂਦੀ ਸੀ। ਇਸ ਨੂੰ ਰਾਜਾ ਤੋਂ ਲੈ ਕੇ ਜ਼ਿਆਦਾਤਰ ਪ੍ਰਸ਼ਾਸਨ ਦੇ ਅਧਿਕਾਰੀ ਪਾਉਂਦੇ ਸਨ। ਇਸ ਦੇ ਕਿਨਾਰੇ ਬਾਹਰ ਵੱਲ ਨਿਕਲੇ ਹੁੰਦੇ ਸਨ। ਇਹਨਾਂ ਕਿਨਾਰਿਆਂ ਦੀ ਮਦਦ ਨਾਲ ਅੱਜ ਸਮਾਜਿਕ ਦੂਰੀ ਦਾ ਨਿਯਮ ਫਾਲੋ ਕੀਤਾ ਜਾ ਰਿਹਾ ਹੈ।