ਸ੍ਰੀਲੰਕਾ ਨੂੰ ਮਨੁੱਖੀ ਸਹਾਇਤਾ ਦੇਣ ਲਈ ਤਿਆਰ ਚੀਨ, ਕਰਜ਼ੇ ਨੂੰ ਲੈ ਕੇ ਨਹੀਂ ਦਿੱਤਾ ਕੋਈ ਜਵਾਬ

04/21/2022 5:11:46 PM

ਬੀਜਿੰਗ : ਚੀਨ ਨੇ ਸੰਕਟ ਪ੍ਰਭਾਵਿਤ ਸ਼੍ਰੀਲੰਕਾ ਦੁਆਰਾ ਮੰਗੀ ਗਈ ਮਦਦ ਦੇ ਜਵਾਬ 'ਚ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਕਿਹਾ ਹੈ ਕਿ ਉਹ ਕੋਲੰਬੋ ਨੂੰ "ਐਮਰਜੈਂਸੀ ਮਾਨਵਤਾਵਾਦੀ ਸਹਾਇਤਾ" ਪ੍ਰਦਾਨ ਕਰੇਗਾ। ਹਾਲਾਂਕਿ ਚੀਨ ਨੇ ਸ਼੍ਰੀਲੰਕਾ ਨੂੰ ਕਰਜ਼ੇ ਦੇਣ ਦੇ ਬੇਨਤੀ 'ਤੇ ਚੁੱਪੀ ਧਾਰੀ ਹੋਈ ਹੈ। ਚੀਨੀ ਨਿਵੇਸ਼ ਅਤੇ ਚੀਨ ਤੋਂ ਭਾਰੀ ਕਰਜ਼ਿਆਂ ਦੇ ਆਧਾਰ 'ਤੇ ਸ਼੍ਰੀਲੰਕਾ 'ਤੇ ਕਰਜ਼ੇ ਦੀ ਕੂਟਨੀਤੀ ਦੇ ਦੋਸ਼ ਲਗਾਏ ਜਾ ਰਹੇ ਹਨ।

ਚਾਈਨਾ ਇੰਟਰਨੈਸ਼ਨਲ ਡਿਵੈਲਪਮੈਂਟ ਕੋਆਪਰੇਸ਼ਨ ਏਜੰਸੀ ਦੇ ਬੁਲਾਰੇ ਜ਼ੂ ਵੇਈ ਨੇ ਕਿਹਾ ਕਿ ਚੀਨੀ ਸਰਕਾਰ ਨੇ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਸ਼੍ਰੀਲੰਕਾ ਨੂੰ ਐਮਰਜੈਂਸੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਵੀ ਮੀਡੀਆ ਨੂੰ ਦੱਸਿਆ ਕਿ ਚੀਨ ਨੇ ਸ਼੍ਰੀਲੰਕਾ ਨੂੰ ਐਮਰਜੈਂਸੀ ਮਾਨਵਤਾਵਾਦੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚੀਨੀ ਬੁਲਾਰੇ ਜ਼ੂ ਅਤੇ ਵਾਂਗ ਨੇ ਚੀਨ ਦੀ ਮਾਨਵਤਾਵਾਦੀ ਸਹਾਇਤਾ ਬਾਰੇ ਕੋਈ ਵੇਰਵਾ ਨਹੀਂ ਦਿੱਤਾ।

ਇਹ ਵੀ ਪੜ੍ਹੋ : ਆਰਥਿਕ ਸੰਕਟ 'ਚ ਸ਼੍ਰੀਲੰਕਾ ਦੀ ਮਦਦ ਲਈ IMF ਨੇ ਕੀਤੀ ਭਾਰਤ ਦੀ ਤਾਰੀਫ, ਕਿਹਾ- ਦੇਸ਼ ਦੀ ਆਰਥਿਕ ਨੀਤੀ ਸਭ ਤੋਂ ਵਧੀਆ

ਦੂਜੇ ਪਾਸੇ ਭਾਰਤ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਸ਼੍ਰੀਲੰਕਾ ਨੂੰ ਲਗਭਗ 2.5 ਬਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਵਿੱਚ ਈਂਧਨ ਅਤੇ ਭੋਜਨ ਲਈ ਕਰਜ਼ੇ ਦੀਆਂ ਸਹੂਲਤਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਭਾਰਤ ਕਥਿਤ ਤੌਰ 'ਤੇ ਸੰਕਟ ਵਿੱਚ ਘਿਰੇ ਟਾਪੂ ਦੇਸ਼ ਨੂੰ ਅਰਬਾਂ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 

ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਚੀਨ ਨੇ 1952 ਵਿੱਚ ਹਸਤਾਖਰ ਕੀਤੇ ਰਬੜ-ਚਾਵਲ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਸ਼੍ਰੀਲੰਕਾ ਨੂੰ ਚੌਲ ਭੇਜਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਦੇ ਤਹਿਤ ਚੀਨ ਕੋਲੰਬੋ ਤੋਂ ਰਬੜ ਦੀ ਦਰਾਮਦ ਕਰੇਗਾ। ਕੋਲੰਬੋ ਵਿਚ ਚੀਨੀ ਰਾਜਦੂਤ ਕਿਊ ਜ਼ੇਨਹੋਂਗ ਦੁਆਰਾ ਪਿਛਲੇ ਮਹੀਨੇ ਦੇ ਐਲਾਨ 'ਤੇ ਚੀਨ ਅਜੇ ਵੀ ਚੁੱਪ ਹੈ। 

ਝੇਨਹੋਂਗ ਨੇ ਕਿਹਾ ਸੀ ਕਿ ਚੀਨ ਸ਼੍ਰੀਲੰਕਾ ਨੂੰ 2.5 ਅਰਬ ਅਮਰੀਕੀ ਡਾਲਰ ਦੀ ਕਰਜ਼ਾ ਸਹੂਲਤ ਦੇਣ 'ਤੇ ਵਿਚਾਰ ਕਰ ਰਿਹਾ ਹੈ। ਸ਼੍ਰੀਲੰਕਾ 'ਤੇ ਚੀਨ ਦਾ ਕਰਜ਼ਾ ਇਸ ਦੇ ਕੁੱਲ ਬਾਹਰੀ ਕਰਜ਼ੇ ਦਾ ਲਗਭਗ 10 ਪ੍ਰਤੀਸ਼ਤ ਹੈ, ਜਿਸ ਵਿੱਚ ਹੰਬਨਟੋਟਾ ਬੰਦਰਗਾਹ ਵਰਗੇ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ਾਮਲ ਹਨ। ਇਹ ਬੰਦਰਗਾਹ ਚੀਨ ਨੇ 99 ਸਾਲ ਦੀ ਲੀਜ਼ 'ਤੇ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਸੀਤਾਰਮਨ ਨੇ ਸ਼੍ਰੀਲੰਕਾ ਦੇ ਹਮਰੁਤਬਾ ਨੂੰ ਭਾਰਤ ਤੋਂ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਸੀਨੀਅਰ ਫੈਲੋ ਗਣੇਸ਼ਨ ਵਿਗਨਰਾਜਾ ਨੇ ਬੇਲਆਉਟ ਪ੍ਰਦਾਨ ਕਰਨ 'ਤੇ ਚੀਨ ਦੀ ਦੁਚਿੱਤੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਚੀਨ ਪੈਸਾ ਗੁਆਉਣਾ ਨਹੀਂ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨ ਸ੍ਰੀਲੰਕਾ ਨੂੰ ਵਿਸ਼ੇਸ਼ ਸਹਾਇਤਾ ਦਿੰਦਾ ਹੈ ਤਾਂ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਦੂਜੇ ਦੇਸ਼ ਵੀ ਇਸੇ ਤਰ੍ਹਾਂ ਦੀ ਮਦਦ ਦੀ ਮੰਗ ਕਰਨਗੇ। ਵਿਗਨਰਾਜਾ ਨੇ ਕਿਹਾ ਕਿ ਜੇਕਰ ਚੀਨ ਬੈਂਕ ਵਾਂਗ ਵਿਵਹਾਰ ਕਰਦਾ ਹੈ ਤਾਂ ਇਹ ਕਰਜ਼ੇ ਦੀ ਸਮੱਸਿਆ ਨੂੰ ਕਰਜ਼ੇ ਦੇ ਜਾਲ ਤੋਂ ਵੀ ਬਦਤਰ ਬਣਾ ਦੇਵੇਗਾ ਅਤੇ ਇਹ ਅਸਲ ਵਿੱਚ ਚੀਨ ਦੀ ਸਮੱਸਿਆ ਬਣ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ  ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News