ਵਿਸ਼ਵ ਨੂੰ ਕੋਵਿਡ ਟੀਕੇ ਦੀਆਂ 2 ਅਰਬ ਖੁਰਾਕਾਂ ਦੇਵੇਗਾ ਚੀਨ, ਕੋਵੈਕਸ ਲਈ ਦੇਵੇਗਾ 10 ਕਰੋੜ
Friday, Aug 06, 2021 - 06:17 PM (IST)
ਬੀਜਿੰਗ (ਭਾਸ਼ਾ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਸਾਲ ਵਿਸ਼ਵ ਨੂੰ ਚੀਨ ਦੇ ਐਂਟੀ ਕੋਵਿਡ ਟੀਕਿਆਂ ਦੀਆਂ 2 ਅਰਬ ਖੁਰਾਕਾਂ ਉਪਲਬਧ ਕਰਾਉਣ ਦਾ ਵਾਅਦਾ ਕੀਤਾ ਹੈ। ਇਹ ਵਾਅਦਾ ਕੋਵਿਡ-19 ਟੀਕਿਆਂ ਦੇ ਸਭ ਤੋਂ ਵੱਡੇ ਗਲੋਬਲ ਨਿਰਯਾਤਕ ਦੇ ਰੂਪ ਵਿਚ ਦੇਸ਼ ਦੀਆਂ ਕੋਸ਼ਿਸ਼ਾਂ ਵਿਚ ਵਾਧਾ ਕਰੇਗਾ। ਅਧਿਕਾਰਤ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਜਿਨਪਿੰਗ ਨੇ ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਸਮਰਥਿਤ ਕੋਵੈਕਸ ਪਹਿਲ ਲਈ 10 ਕਰੋੜ ਡਾਲਰ ਦਾਨ ਦੇਣ ਦੀ ਵੀ ਪੇਸ਼ਕਸ਼ ਕੀਤੀ। ਕੋਵੈਕਸ ਦਾ ਉਦੇਸ਼ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਨੂੰ ਟੀਕੇ ਦੇਣਾ ਹੈ।
ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਜਿਨਪਿੰਗ ਨੇ ਇਹ ਘੋਸ਼ਣਾ ਕੋਵਿਡ-19 ਟੀਕਾ ਸਹਿਯੋਗ 'ਤੇ ਅੰਤਰਰਾਸ਼ਟਰੀ ਫੋਰਮ ਵਿਚ ਕੀਤੀ, ਜਿਸ ਦਾ ਆਯੋਜਨ ਚੀਨ ਨੇ ਡਿਜੀਟਲ ਮਾਧਿਅਮ ਨਾਲ ਕੀਤਾ। ਵਿਦੇਸ਼ ਮੰਤਰਾਲੇ ਮੁਤਾਬਕ ਇਹਨਾਂ ਅੰਕੜਿਆਂ ਵਿਚ ਸੰਭਵ ਤੌਰ 'ਤੇ ਉਹ 77 ਕਰੋੜ ਖੁਰਾਕਾਂ ਵੀ ਸ਼ਾਮਲ ਹੋਣਗੀਆਂ, ਜਿਹਨਾਂ ਨੂੰ ਚੀਨ ਪਹਿਲਾਂ ਹੀ ਪਿਛਲੇ ਸਾਲ ਸਤੰਬਰ ਵਿਚ ਦਾਨ ਜਾਂ ਨਿਰਯਾਤ ਕਰ ਚੁੱਕਾ ਹੈ। ਚੀਨ ਦੇ ਜ਼ਿਆਦਾਤਰ ਟੀਕਿਆਂ ਦਾ ਦੋ-ਪੱਖੀ ਸੌਦਿਆਂ ਤਹਿਤ ਨਿਰਯਾਤ ਕੀਤਾ ਗਿਆ ਹੈ। ਇਹ ਸਪਸ਼ੱਟ ਨਹੀਂ ਹੈ ਕਿ ਇਸ ਅੰਕੜੇ ਵਿਚ ਕੋਵੈਕਸ ਸਹੂਲਤ ਨਾਲ ਹੋਏ ਸਮਝੋਤੇ ਵੀ ਸ਼ਾਮਲ ਹਨ ਜਿੱਥੇ ਦੋ ਚੀਨੀ ਵੈਕਸੀਨ ਨਿਰਮਾਤਾ 55 ਕਰੋੜ ਖੁਰਾਕ ਤੱਕ ਪ੍ਰਦਾਨ ਕਰਨਗੇ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ ਕੋਵਿਡ ਮਾਮਲੇ 6 ਮਹੀਨੇ ਦੇ ਉੱਚ ਪੱਧਰ 'ਤੇ, ਵਿਦੇਸ਼ੀ ਯਾਤਰੀਆਂ ਲਈ ਟੀਕਾਕਰਨ ਪ੍ਰੋਗਰਾਮ
ਕਰੋੜਾਂ ਚੀਨੀ ਟੀਕੇ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਲੋਕਾਂ ਨੂੰ ਲਗਾਏ ਜਾ ਚੁੱਕੇ ਹਨ ਕਿਉਂਕਿ ਕਈ ਦੇਸ਼ ਕੋਈ ਵੀ ਟੀਕਾ ਪਾਉਣ ਲਈ ਤਿਆਰ ਸਨ। ਇਹਨਾਂ ਵਿਚੋਂ ਜ਼ਿਆਦਾਤਰ ਦਾ ਉਤਪਾਦਨ ਸਿਨੋਫਾਰਮ ਅਤੇ ਸਿਨੋਵੈਕ ਨੇ ਕੀਤਾ ਹੈ। ਟੀਕਿਆਂ ਨੂੰ ਲੈਕੇ ਸਵਾਲ ਅਤੇ ਚਿੰਤਾਵਾਂ ਵੀ ਖੜ੍ਹੀਆਂ ਹੋਈਆਂ ਹਨ, ਖਾਸ ਕਰ ਕੇ ਬਹੁਤ ਛੂਤਕਾਰੀ ਡੈਲਟਾ ਵੈਰੀਐਂਟ ਦੇ ਪ੍ਰਸਾਰ ਅਤੇ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਣ ਦੇ ਬਾਅਦ। ਚੀਨ 'ਤੇ ਟੀਕਿਆਂ ਦੀ ਵਰਤੋਂ ਕੂਟਨੀਤਕ ਸੌਦਿਆਂ ਵਿਚ ਲਾਭ ਲੈਣ ਲਈ ਕਰਨ ਦਾ ਦੋਸ਼ ਲੱਗਦਾ ਰਿਹਾ ਹੈ। ਜਾਪਾਨ ਨੇ ਵੀ ਖੇਤਰ ਵਿਚ ਆਪਣਾ ਦਾਨ ਵਧਾਇਆ ਹੈ ਅਤੇ ਕੋਵੈਕਸ ਅਤੇ ਹੋਰ ਮਾਧਿਅਮਾਂ ਤੋਂ 3 ਕਰੋੜ ਖੁਰਾਕਾਂ ਦੇਣ ਦਾ ਵਾਅਦਾ ਕੀਤਾ ਹੈ।