ਕੋਵਿਡ-19: ਚੀਨ ''ਚ ਸੁਧਰੇ ਹਾਲਾਤ, 22 ਮਈ ਨੂੰ ਬੁਲਾਇਆ ਸੰਸਦ ਸੈਸ਼ਨ

04/29/2020 7:20:50 PM

ਬੀਜਿੰਗ- ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ ਪਰ ਜਿਸ ਚੀਨ ਤੋਂ ਇਸ ਦੀ ਸ਼ੁਰੂਆਤ ਹੋਈ ਸੀ, ਉਥੇ ਹਾਲਾਤ ਬਹੁਤ ਤੇਜ਼ੀ ਨਾਲ ਸੁਧਰ ਰਹੇ ਹਨ। ਛੋਟੇ ਵਪਾਰ ਖੁੱਲ੍ਹਣ ਦੇ ਨਾਲ ਹੀ ਸਰਕਾਰੀ ਕੰਮਕਾਜ ਵੀ ਸ਼ੁਰੂ ਹੋ ਗਿਆ ਹੈ। 22 ਮਈ ਤੋਂ ਸੰਸਦ ਦਾ ਸਾਲਾਨਾ ਸੈਸ਼ਨ ਬੁਲਾਇਆ ਗਿਆ ਹੈ। ਪਹਿਲਾਂ ਇਹ ਪੰਜ ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਮਹਾਮਾਰੀ ਦੇ ਚੱਲਦੇ ਇਸ ਨੂੰ ਟਾਲ ਦਿੱਤਾ ਗਿਆ ਸੀ।

ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਦੇਸ਼ ਦੀ ਸੰਸਦ ਨੈਸ਼ਨਲ ਪੀਪਲਸ ਕਾਂਗਰਸ ਦੀ ਸਥਾਈ ਕਮੇਟੀ ਦੀ ਬੈਠਕ ਵਿਚ 22 ਮਈ ਤੋਂ ਸੈਸ਼ਨ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਰਾਸ਼ਟਰੀ ਸਲਾਹਕਾਰ ਸੰਸਥਾ 'ਦ ਚਾਈਨੀਜ਼ ਪੀਪਲਸ ਪਾਲੀਟਿਕਲ ਕੰਸਲਟੇਟਿਵ ਕਾਨਫਰੰਸ ਦਾ ਸਾਲਾਨਾ ਸੈਸ਼ਨ 21 ਮਈ ਨੂੰ ਰਾਜਧਾਨੀ ਬੀਜਿੰਗ ਵਿਚ ਆਯੋਜਿਤ ਹੋਣ ਦੀ ਸੰਭਾਵਨਾ ਹੈ। ਐਨ.ਪੀ.ਸੀ. ਤੇ ਸੀ.ਪੀ.ਪੀ.ਸੀ.ਸੀ. ਦੇ ਸਾਲਾਨਾ ਸੈਸ਼ਨ ਹਰ ਸਾਲ ਨਵੇਂ ਸਾਲ ਤੋਂ ਤੁਰੰਤ ਬਾਅਦ ਆਯੋਜਿਤ ਕੀਤੇ ਜਾਂਦੇ ਹਨ। ਇਹਨਾਂ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਬਜਟ ਸਣੇ ਆਪਣੇ ਰਾਸ਼ਟਰੀ ਏਜੰਡੇ ਦੀ ਜਾਣਕਾਰੀ ਦਿੰਦੀ ਹੈ।

ਬੀਜਿੰਗ ਨੂੰ ਕੀਤਾ ਗਿਆ ਸੈਨੇਟਾਈਜ਼
ਦੋਵਾਂ ਅਹਿਮ ਸੈਸ਼ਨਾਂ ਨੂੰ ਆਯੋਜਿਤ ਕਰਨ ਦੇ ਐਲਾਨ ਤੋਂ ਪਹਿਲਾਂ ਚੀਨ ਨੇ ਰਾਜਧਾਨੀ ਬੀਜਿੰਗ ਨੂੰ ਸੈਨੇਟਾਈਜ਼ ਕੀਤਾ ਹੈ। ਵਿਦੇਸ਼ ਤੋਂ ਚੀਨੀ ਨਾਗਰਿਕਾਂ ਨੂੰ ਲਿਆਉਣ ਵਾਲੇ ਜਹਾਜ਼ਾਂ ਦਾ ਰਸਤਾ ਵੀ ਵੱਖ-ਵੱਖ ਸ਼ਹਿਰਾਂ ਵੱਲ ਬਦਲਿਆ ਗਿਆ ਹੈ। ਇਹਨਾਂ ਸਹਿਰਾਂ ਵਿਚ ਉਤਰਣ ਤੋਂ ਬਾਅਦ ਯਾਤਰੀਆਂ ਦੀ ਨਾ ਸਿਰਫ ਜਾਂਚ ਕੀਤੀ ਜਾਵੇਗੀ ਬਲਕਿ ਉਹਨਾਂ ਨੂੰ ਕੁਆਰੰਟੀਨ ਵੀ ਕੀਤਾ ਜਾਵੇਗਾ। ਵਿਦੇਸ਼ੀਆਂ ਦੇ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਗਈ ਹੈ।


Baljit Singh

Content Editor

Related News