ਅਫਰੀਕਾ ਨੂੰ ਆਪਣੀ ਬਸਤੀ ਬਣਾਉਣ ਦੇ ਰਾਹ ’ਤੇ ਚੀਨ

09/05/2021 2:31:49 PM

ਚੀਨ ਆਪਣੇ ਬੈਲਟ ਐਂਡ ਰੋਡ ਪ੍ਰਾਜੈਕਟ ਤਹਿਤ ਕਈ ਦੇਸ਼ਾਂ ’ਚ ਆਪਣਾ ਨਿਵੇਸ਼ ਕਰ ਰਿਹਾ ਹੈ ਜਿਸ ’ਚ ਅਫਰੀਕਾ ਮਹਾਦੀਪ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ। ਚੀਨ ਦੀ ਇਸ ਰਣਨੀਤੀ ਨੂੰ ਯੁਆਨ ਡਿਪਲੋਮੈਸੀ ਵੀ ਕਿਹਾ ਜਾਂਦਾ ਹੈ, ਜਿਸ ਦੀ ਕਈ ਜਾਣਕਾਰ ਸਖਤ ਆਲੋਚਨਾ ਕਰ ਰਹੇ ਹਨ ਅਤੇ ਚੀਨ ਨੂੰ ਨਿਯੋ-ਕੋਲੋਨੀਅਲ ਪਾਵਰ ਤੱਕ ਕਹਿ ਰਹੇ ਹਨ। ਨਿਯੋ-ਕੋਲੋਨੀਅਲ ਪਾਵਰ ਦਾ ਅਰਥ ਹੈ ਕਿਸੇ ਪੱਛੜੇ ਦੇਸ਼ ’ਚ ਧਨ ਦੇ ਪ੍ਰਵਾਹ ਰਾਹੀਂ ਉਸ ਦੀ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਕਬਜ਼ੇ ’ਚ ਲੈ ਲੈਣਾ।ਠੀਕ ਇਸੇ ਤਰਜ਼ ’ਤੇ ਚੀਨ ਨੇ ਕਈ ਅਫਰੀਕੀ ਦੇਸ਼ਾਂ ਨੂੰ ਭਾਰੀ ਕਰਜ਼ਾ ਸਸਤੇ ਵਿਆਜ ’ਤੇ ਦਿੱਤਾ ਅਤੇ ਮੁੜ ਉੱਥੋਂ ਦੀਆਂ ਆਰਥਿਕ ਨੀਤੀਆਂ ’ਚ ਦਖਲਅੰਦਾਜ਼ੀ ਕਰਨ ਲੱਗਾ। 

ਚੀਨ ਦੇ ਕਈ ਸਵਾਰਥ ਅਫਰੀਕੀ ਮਹਾਦੀਪ ’ਚ ਨਿਹਿਤ ਹਨ ਜਿਸ ’ਚ ਉੱਥੋਂ ਦੇ ਖਣਿਜ ਦੀ ਵਰਤੋਂ ਆਪਣੇ ਉਦਯੋਗਿਕ ਅਤੇ ਆਰਥਿਕ ਭਲਾਈ ਲਈ ਕਰਨੀ ਪਹਿਲੇ ਸਥਾਨ ’ਤੇ ਹੈ। ਅਜਿਹਾ ਕਰ ਕੇ ਚੀਨ ਨੇ 54 ਗਰੀਬ ਅਫਰੀਕੀ ਦੇਸ਼ਾਂ ’ਚੋਂ 53 ਨੂੰ ਆਪਣੇ ਪਾਲੇ ’ਚ ਕਰ ਲਿਆ ਹੈ। ਸਿਰਫ 1 ਸਵਾਜ਼ੀ ਲੈਂਡ ਚੀਨ ਦੇ ਝਾਂਸੇ ’ਚ ਅਜੇ ਤੱਕ ਨਹੀਂ ਆਇਆ ਹੈ। ਚੀਨ ਦਾ ਸ਼ਿਕੰਜਾ ਇੱਥੇ ਇੰਨੀ ਮਜ਼ਬੂਤੀ ਨਾਲ ਕੱਸਿਆ ਹੋਇਆ ਹੈ ਕਿ ਇਸ ਤੋਂ ਬਾਹਰ ਨਿਕਲਣਾ ਇਨ੍ਹਾਂ ਦੇਸ਼ਾਂ ਲਈ ਅਸੰਭਵ ਲੱਗਦਾ ਹੈ।ਖਣਿਜਾਂ ਦੇ ਇਲਾਵਾ ਹੁਣ ਚੀਨ ਇਨ੍ਹਾਂ ਦੇਸ਼ਾਂ ’ਚ ਆਪਣੇ ਉਦਯੋਗਿਕ ਪਲਾਂਟ ਵੀ ਲਗਾਉਣ ਲੱਗਾ ਹੈ ਕਿਉਂਕਿ ਪੂਰੀ ਦੁਨੀਆ ’ਚ ਸਭ ਤੋਂ ਸਸਤੀ ਮਜ਼ਦੂਰੀ ਅਫਰੀਕਾ ’ਚ ਹੀ ਮਿਲ ਸਕਦੀ ਹੈ। ਚੀਨ ਨੇ ਆਪਣੇ ਦੱਖਣੀ ਸੂਬਿਆਂ ’ਚੋਂ ਆਪਣੀਆਂ ਫੈਕਟਰੀਆਂ ਨੂੰ ਚੁੱਕ ਕੇ ਪਹਿਲਾਂ ਤਾਂ ਦੱਖਣੀ-ਪੂਰਬੀ ਏਸ਼ੀਆ ’ਚ ਤਬਦੀਲ ਕੀਤਾ ਪਰ ਹੁਣ ਜਿਹੜੀਆਂ ਫੈਕਟਰੀਆਂ ਦਾ ਤਬਾਦਲਾ ਹੋ ਰਿਹਾ ਹੈ, ਉਹ ਸਾਰੀਆਂ ਅਫਰੀਕਾ ’ਚ ਆ ਰਹੀਆਂ ਹਨ। ਇਸ ਦੇ ਲਈ ਚੀਨ ਨੇ ਪਹਿਲਾਂ ਆਪਣੇ ਤਕਨੀਕੀ ਸੰਸਥਾਨਾਂ ਨੂੰ ਅਫਰੀਕਾ ’ਚ ਲਗਾਉਣਾ ਸ਼ੁਰੂ ਕੀਤਾ ਜਿਸ ਨਾਲ ਉਨ੍ਹਾਂ ਦੀਆਂ ਫੈਕਟਰੀਆਂ ਲਈ ਮੁੱਢਲਾ ਢਾਂਚਾ ਤਿਆਰ ਹੋ ਸਕੇ।

ਚੀਨ ਨੇ ਅਫਰੀਕਾ ਦੇ ਕਈ ਦੇਸ਼ਾਂ ਦੀਆਂ ਬੰਦਰਗਾਹਾਂ ’ਚ ਨਿਵੇਸ਼ ਕੀਤਾ ਜਿਨ੍ਹਾਂ ’ਚ ਕੇਪ ਵੇਰਦੇ, ਗੁਯਾਨਾ, ਸਿਆਰਾ ਲਿਓਨ, ਆਈਵਰੀ ਕੋਸਟ, ਕਾਂਗੋ ਗਣਰਾਜ, ਅੰਗੋਲਾ, ਦੱਖਣੀ ਅਫਰੀਕਾ, ਮੋਜ਼ੰਬੀਕ, ਤਨਜਾਨੀਆ, ਸੂਡਾਨ ਅਤੇ ਜਿਬੂਤੀ ਸ਼ਾਮਲ ਹਨ, ਇੱਥੋਂ ਚੀਨ ਨੇ 3 ਢੰਗਾਂ ਨਾਲ ਨਿਵੇਸ਼ ਕੀਤਾ ਹੈ।ਕੁਝ ਬੰਦਰਗਾਹਾਂ ’ਚ ਸਿਰਫ ਪੈਸਾ ਉਧਾਰ ਦਿੱਤਾ ਹੈ, ਕੁਝ ’ਚ ਸੰਚਾਲਨ ਕਰ ਰਿਹਾ ਅਤੇ ਕੁਝ ਬੰਦਰਗਾਹਾਂ ’ਚ ਚੀਨ ਨਿਵੇਸ਼ ਅਤੇ ਸੰਚਾਲਨ ਦੋਵੇਂ ਕੰਮ ਕਰ ਰਿਹਾ ਹੈ। ਇਸ ਦੇ ਇਲਾਵਾ ਅਲਜੀਰੀਆ ’ਚ ਸੂਰਜੀ ਊਰਜਾ ਪਲਾਂਟ ਅਤੇ ਕੀਨੀਆ ’ਚ ਲੋਯਾਂਗਾਲਾਨੀਕੀ ਝੀਲ ’ਚ ਤੁਰਕਾਨਾ ਹਵਾ ਪਲਾਂਟ ਲਗਾ ਕੇ ਚੀਨ ਇਨ੍ਹਾਂ ਦੇਸ਼ਾਂ ’ਚ ਆਪਣੀ ਸਿਆਸੀ ਘੁਸਪੈਠ ਵਧਾਉਂਦਾ ਗਿਆ। ਇਸ ਦੇ ਇਲਾਵਾ ਸਕੁਏਅਰ ਕਿਲੋਮੀਟਰ ਏਰੇ ਟੈਲੀਸਕੋਪ, ਨਾਰਥ-ਸਾਊਥ ਕਾਰੀਡੋਰ ਪ੍ਰਾਜੈਕਟ, ਬ੍ਰਿਕਸ ਕੇਬਲ ਲਗਾਉਣ ’ਚ ਚੀਨ ਨੇ ਅਫਰੀਕਾ ’ਚ ਨਿਵੇਸ਼ ਕੀਤਾ ਹੈ।

ਬਹੁਤ ਸਾਲ ਪਹਿਲਾਂ 1976 ’ਚ ਚੀਨ ਨੇ ਜਾਂਬੀਆਂ ਦੀਆਂ ਤਾਂਬੇ ਦੀਆਂ ਖਾਨਾਂ ’ਚੋਂ ਤਾਂਬੇ ਨੂੰ ਕੱਢਣ ਲਈ ਬੜੀ ਚਲਾਕੀ ਨਾਲ ਇਕ ਰੇਲ ਪ੍ਰਾਜੈਕਟ ਸ਼ੁਰੂ ਕੀਤਾ ਸੀ ਜਿਸ ਦਾ ਨਾਂ ਸੀ ਤਜ਼ਾਰਾ ਰੇਲਵੇ, ਜੋ ਅਫਰੀਕਾ ਮਹਾਦੀਪ ’ਚ ਆਪਣੀ ਕਿਸਮ ਦਾ ਪਹਿਲਾ ਚੀਨੀ ਨਿਵੇਸ਼ ਸੀ। 1860 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਦਾ ਮਕਸਦ ਅਫਰੀਕਾ ਤੋਂ ਤਾਂਬਾ ਕੱਢ ਕੇ ਚੀਨ ਭੇਜਣਾ ਸੀ ਜਿਸ ਨਾਲ ਚੀਨ ਨੇ ਭਾਰੀ ਲਾਭ ਕਮਾਇਆ, ਇਸ ਨੂੰ ਜਾਂਬੀਆ ਦੇ ਕਾਪਿਰੀ ਮਪੋਸ਼ੀ ਤੋਂ ਸ਼ੁਰੂ ਕਰ ਕੇ ਤਨਜਾਨੀਆ ਦੀ ਬੰਦਰਗਾਹ ਸ਼ਹਿਰ ਦਾਰ-ਉਸ-ਸਲਾਮ ਤੱਕ ਚਲਾਇਆ ਗਿਆ। ਇਸ ਦੇ ਇਲਾਵਾ ਚੀਨ ਨੇ ਸਾਲ 2017 ’ਚ ਕੀਨੀਆ ਨੈਰੋਬੀ-ਮੋਮਬਾਸਾ ਪੋਰਟ ਰੇਲ ਪ੍ਰਾਜੈਕਟ ਸ਼ੁਰੂ ਕੀਤਾ ਜਿਸ ਦਾ ਫਾਇਦਾ ਵੀ ਸਿਰਫ ਚੀਨ ਨੂੰ ਮਿਲ ਰਿਹਾ ਹੈ। ਇਸ ਦੇ ਲਈ ਚੀਨ ਨੇ 3.6 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ, ਮੋਮਬਾਸਾ ਤੋਂ ਸੁਵਾਸਾ ਤੱਕ ਜਾਣ ਵਾਲੀ ਇਹ ਰੇਲਵੇ ਲਾਈਨ 578 ਕਿਲੋਮੀਟਰ ਲੰਬੀ ਸੀ ਜੋ ਸਾਲ 2019 ’ਚ ਪੂਰੀ ਹੋਈ।

ਅਮਰੀਕਾ ਦੇ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਚਾਈਨਾ ਅਫਰੀਕਾ ਰਿਸਰਚ ਇਨੀਸ਼ੀਏਟਿਵ ਤੋਂ ਮਿਲੇ ਅੰਕੜੇ ਅਨੁਸਾਰ ਕੁਲ ਮਿਲਾ ਕੇ ਚੀਨ ਨੇ ਹੁਣ ਤੱਕ 200 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਜਿਨ੍ਹਾਂ ’ਤੇ 152 ਅਰਬ ਡਾਲਰ ਦਾ ਚੀਨ ਨੇ ਅਫਰੀਕਾ ਨੂੰ ਕਰਜ਼ਾ ਦਿੱਤਾ ਹੈ ਅਤੇ ਐੱਫ. ਡੀ. ਆਈ. ਰਾਹੀਂ 46 ਅਰਬ ਡਾਲਰ ਨਿਵੇਸ਼ ਕੀਤਾ ਹੈ ਜਿਸ ਦੀ ਕੁਲ ਰਕਮ 198 ਅਰਬ ਡਾਲਰ ਹੁੰਦੀ ਹੈ। ਇਸ 200 ਅਰਬ ਡਾਲਰ ਦਾ 30 ਫੀਸਦੀ ਹਿੱਸਾ ਚੀਨ ਨੇ ਸਿਰਫ ਅੰਗੋਲਾ ’ਚ ਨਿਵੇਸ਼ ਕੀਤਾ ਹੈ ਕਿਉਂਕਿ ਅੰਬੋਲਾ ਇਕ ਤੇਲ ਵਾਲਾ ਦੇਸ਼ ਹੈ ਅਤੇ ਚੀਨ ਦੀ ਵਧਦੀ ਅਰਥਵਿਵਸਥਾ ਨੂੰ ਤੇਲ ਭਾਰੀ ਮਾਤਰਾ ’ਚ ਪਰ ਘੱਟ ਕੀਮਤ ’ਚ ਚਾਹੀਦਾ ਹੈ, ਇਸ ਲਈ ਚੀਨ ਨੇ ਇੱਥੇ ਭਾਰੀ ਨਿਵੇਸ਼ ਕੀਤਾ ਹੈ।ਪਰ ਜਿਸ ਰਫਤਾਰ ਨਾਲ ਅਫਰੀਕਾ ਦੀ ਅਰਥਵਿਵਸਥਾ ਅੱਗੇ ਵਧ ਰਹੀ ਹੈ, ਉਸ ਨੂੰ ਦੇਖਦੇ ਹੋਏ ਜਾਪਦਾ ਨਹੀਂ ਹੈ ਕਿ ਕੋਈ ਵੀ ਅਫਰੀਕੀ ਦੇਸ਼ ਚੀਨ ਦਾ ਕਰਜ਼ਾ ਮੋੜ ਸਕੇਗਾ ਅਤੇ ਇਹੀ ਚੀਨ ਚਾਹੁੰਦਾ ਵੀ ਹੈ। 

ਅਫਰੀਕਾ ਦੇ ਦੀਵਾਲੀਆ ਹੁੰਦੇ ਹੀ ਚੀਨ ਆਪਣਾ ਕਰਜ਼ਾ ਵਾਪਸ ਮੰਗੇਗਾ, ਅਜਿਹੇ ਹਾਲਾਤ ’ਚ ਅਫਕੀਕਾ ਚਾਹੇਗਾ ਕਿ ਉਸ ਦਾ ਸਾਰਾ ਕਰਜ਼ਾ ਚੀਨ ਮੁਆਫ ਕਰ ਦੇਵੇ। ਚੀਨ ਦੇ ਸੱਭਿਆਚਾਰ ’ਚ ਪੈਸਿਆਂ ਦੀ ਛੋਟ ਦੇਣੀ ਅਤੇ ਦਾਨ ਦੇਣਾ ਨਹੀਂ ਹੈ ਅਤੇ ਇਸ ਦਾ ਮਤਲਬ ਇਹ ਹੋਇਆ ਕਿ ਚੀਨ ਆਪਣਾ ਪੈਸਾ ਵਸੂਲ ਕੇ ਰਹੇਗਾ ਅਤੇ ਇਸ ਦੇ ਲਈ ਉਹ ਅਫਰੀਕਾ ਦੇ ਕੁਦਰਤੀ ਸਰੋਤਾਂ ਦੀ ਲੁੱਟ ਆਪਣੀਆਂ ਸ਼ਰਤਾਂ ’ਤੇ ਕਰੇਗਾ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਚੀਨ ਆਪਣੀ ਜੇਬ ਅਫਰੀਕਾ ਦੇ ਸਿਰ ’ਤੇ ਸਵਾਰ ਹੋ ਕੇ ਭਰੇਗਾ। ਹਾਲਾਂਕਿ ਵਪਾਰ ਦਾ ਐਗਰੀਮੈਂਟ ਕਰਦੇ ਸਮੇਂ ਚੀਨ ਇਸ ਨੂੰ ਅੰਗਰੇਜ਼ੀ ’ਚ ਵਿਨ-ਵਿਨ ਸਿਚੁਏਸ਼ਨ ਕਹਿੰਦਾ ਹੈ, ਭਾਵ ਚੀਨ ਨਾਲ ਵਪਾਰਕ ਐਗਰੀਮੈਂਟ ਕਰਨ ’ਚ ਦੋਵਾਂ ਧਿਰਾਂ ਨੂੰ ਫਾਇਦਾ ਹੈ ਪਰ ਅਸਲ ’ਚ ਚੀਨ ਸ਼ੁਰੂਆਤ ’ਚ ਨਿਵੇਸ਼ ਕਰਦਾ ਹੈ ਅਤੇ ਬਾਅਦ ’ਚ ਉਸ ਦੇਸ਼ ਨੂੰ ਆਪਣੇ ਕਰਜ਼ੇ ਦੇ ਜਾਲ ’ਚ ਫਸਾ ਕੇ ਉਸ ਨੂੰ ਪੂਰੀ ਤਰ੍ਹਾਂ ਨਿਚੋੜ ਲੈਂਦਾ ਹੈ।

ਅਜਿਹੇ ’ਚ ਅਫਰੀਕੀ ਮਹਾਦੀਪ ਨੂੰ ਸ਼੍ਰੀਲੰਕਾ, ਪਾਕਿਸਤਾਨ, ਮਲੇਸ਼ੀਆ, ਮਾਲਦੀਪਸ, ਫਿਲੀਪੀਨਜ਼, ਤਾਜਿਕਿਸਤਾਨ ਅਤੇ ਇੰਡੋਨੇਸ਼ੀਆ ਤੋਂ ਸਬਕ ਲੈ ਕੇ ਆਪਣੇ ਕਦਮ ਅੱਗੇ ਵਧਾਉਣੇ ਚਾਹੀਦੇ ਹਨ। ਨਹੀਂ ਤਾਂ ਉਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਇਨ੍ਹਾਂ ਦੇਸ਼ਾਂ ਦਾ ਹੋਇਆ। ਚੀਨ ਇਸ ਸਮੇਂ ਆਪਣੇ ਪੈਸੇ, ਲਾਲਚ ਦੇਣ ਅਤੇ ਮੱਕਾਰੀ ਦੇ ਜ਼ੋਰ ’ਤੇ ਅਫਰੀਕਾ ’ਚ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ ਤੇ ਕੁਝ ਹੱਦ ਤੱਕ ਚੀਨ ਆਪਣੀ ਇਸ ਮੁਹਿੰਮ ’ਚ ਸਫਲ ਵੀ ਰਿਹਾ ਹੈ। ਕੀਨੀਆ ਅਤੇ ਦੱਖਣੀ ਅਫਰੀਕਾ ਇਸ ਦੀ ਉਦਾਹਰਣ ਹਨ। ਚੀਨ ਆਧੁਨਿਕ ਕਾਲ ਦਾ ਬਸਤੀਵਾਦੀ ਤਾਣਾ-ਬਾਣਾ ਬੁਣ ਰਿਹਾ ਹੈ, ਜਿਸ ਨਾਲ ਉਹ ਲੰਬੇ ਸਮੇਂ ਤੱਕ ਆਪਣੇ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ। ਜੇਕਰ ਅਫਰੀਕੀ ਮਹਾਦੀਪ ਹੁਣ ਵੀ ਨਾ ਜਾਗਿਆ ਤਾਂ ਅੱਗੇ ਬਹੁਤ ਦੇਰ ਹੋਵੇਗੀ ਅਤੇ ਉਹ ਵੀ ਚੀਨ ਦੇ ਕਰਜ਼ੇ ਦੇ ਜਾਲ ’ਚ ਫਸ ਕੇ ਤਬਾਹ ਹੋ ਜਾਵੇਗਾ।


Vandana

Content Editor

Related News