ਪਾਕਿਸਤਾਨ ਦੇ ਅੰਦਰੂਨੀ ਕਲੇਸ਼ ਕਾਰਨ ਚੀਨ ਨੂੰ 60 ਅਰਬ ਡਾਲਰ ਦਾ ਨੁਕਸਾਨ

05/25/2022 11:33:25 AM

ਬੀਜਿੰਗ- ਚੀਨ ਨੇ ਸੀ. ਪੀ. ਈ. ਸੀ. ਯੋਜਨਾ ’ਚ ਜਿਹੜੇ 60 ਅਰਬ ਡਾਲਰ ਨਿਵੇਸ਼ ਕੀਤੇ ਸਨ, ਉਹ ਹੁਣ ਪੂਰੀ ਤਰ੍ਹਾਂ ਡੁੱਬਦੇ ਨਜ਼ਰ ਆ ਰਹੇ ਹਨ। ਇਸ ਦੇ ਪਿੱਛੇ ਪਾਕਿਸਤਾਨ ਦੇ ਸਿਆਸੀ ਪੱਖੋਂ ਕਮਜ਼ੋਰ ਹੋਣ ਨੂੰ ਕਾਰਨ ਦੱਸਿਆ ਜਾ ਰਿਹਾ ਹੈ। 2013 ਦੀ 22 ਮਈ ਨੂੰ ਚੀਨ ਨੇ ਭਾਰਤ ਨੂੰ ਘੇਰਨ ਲਈ ਪਾਕਿਸਤਾਨ ਨਾਲ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਭਾਵ ਸੀ. ਪੀ. ਈ. ਸੀ. ਦੀ ਸਥਾਪਨਾ ਕੀਤੀ ਸੀ ਪਰ ਇਸ ਦੇ ਪਿੱਛੇ ਬਹਾਨਾ ਇਹ ਸੀ ਕਿ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਤੋਂ ਆਪਣੇ ਸਾਮਾਨ ਨੂੰ ਅਰਬ ਸਾਗਰ ਰਾਹੀਂ ਖਾੜੀ ਦੇ ਦੇਸ਼ਾਂ, ਉੱਤਰੀ ਅਫਰੀਕਾ ਅਤੇ ਪੂਰਬੀ ਯੂਰਪ ਦੇ ਬਾਜ਼ਾਰਾਂ ਤਕ ਪਹੁੰਚਾਉਣ ਲਈ ਸ਼ਿਨਚਿਆਂਗ ਦੇ ਕਾਸ਼ਗਰ ਸ਼ਹਿਰ ਤੋਂ ਗਵਾਦਰ ਤਕ ਲਗਭਗ 3000 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਕਰਵਾਈ ਜਾਵੇ। ਚੀਨ ਦੀ ਅਹਿਮ ਯੋਜਨਾ ਹੈ ਜੋ ਅਜੇ ਤਕ ਪੂਰੀ ਨਹੀਂ ਹੋਈ ਹੈ। ਇਸ ਪਿਛੇ ਪਾਕਿਸਤਾਨ ’ਚ ਚੱਲ ਰਹੀ ਸਿਆਸੀ ਉਥਲ-ਪੁਥਲ ਤਾਂ ਹੈ ਹੀ, ਇਸ ਤੋਂ ਵੀ ਵੱਡਾ ਕਾਰਨ ਚੀਨ ਦਾ ਘੱਟ ਹੋ ਰਿਹਾ ਖਜ਼ਾਨਾ ਵੀ ਹੈ।

ਚੀਨ ਨੇ ਪੂਰੀ ਦੁਨੀਆ ਦੇ ਕਈ ਦੇਸ਼ਾਂ ਅਤੇ ਖੇਤਰਾਂ ’ਚ ਆਪਣੀ ਅਹਿਮ ਯੋਜਨਾ ਅਧੀਨ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਪਰ ਚੀਨ ’ਚ ਵੱਡੀ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ ਕਾਰਨ ਇਹ ਯੋਜਨਾਵਾਂ ਪੂਰੀਆਂ ਨਾ ਹੋ ਸਕੀਆਂ। ਇਸ ਦੇ ਨਾਲ ਚੀਨ ਨੇ ਜਿਨ੍ਹਾਂ ਦੇਸ਼ਾਂ ਨੂੰ ਸੌਖੀਆਂ ਸ਼ਰਤਾਂ ’ਤੇ ਕਰਜ਼ਾ ਦਿੱਤਾ ਸੀ, ਉਹ ਉਸ ਨੂੰ ਵਾਪਸ ਨਹੀਂ ਮਿਲਿਆ ਤਾਂ ਚੀਨ ਨੇ ਉਨ੍ਹਾਂ ਦੇਸ਼ਾਂ ਦੀਆਂ ਬੰਦਰਗਾਹਾਂ ਖਣਿਜ ਪਦਾਰਥਾਂ ਨਾਲ ਭਰੀਆਂ। ਖਾਨਾਂ, ਹਵਾਈ ਪਟੜੀਆਂ, ਖਾਸ ਕਰ ਕੇ ਆਰਥਿਕ ਜ਼ੋਨ ਨੂੰ 99 ਸਾਲ ਦੇ ਪਟੇ ’ਤੇ ਲੈ ਲਿਆ ਪਰ ਉਨ੍ਹਾਂ ਕਾਰਨ ਹੀ ਚੀਨ ਦੇ ਨਿਵੇਸ਼ ਦੀ ਪੂਰਤੀ ਨਹੀਂ ਹੋ ਸਕੀ। ਜਿਸ ਦਾ ਅਸਰ ਚੀਨ ਦੀ ਬੈਲਟ ਐਂਡ ਰੋਡ ਯੋਜਨਾ ’ਤੇ ਨਜ਼ਰ ਦਿਸਣ ਲੱਗਾ। ਹੁਣ ਵਾਪਸ ਆਉਂਦੇ ਹਾਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ’ਤੇ। ਇਹ ਯੋਜਨਾ ਚੀਨ ਨੇ 60 ਅਰਬ ਡਾਲਰ ਦੇ ਨਿਵੇਸ਼ ਨਾਲ ਸ਼ੁਰੂ ਕੀਤੀ ਸੀ ਪਰ ਅਜੇ ਤਕ ਮੁਕੰਮਲ ਨਹੀਂ ਹੋਈ। ਇਸ ਦੇ ਪਿੱਛੇ ਪਾਕਿਸਤਾਨ ’ਚ ਸਿਆਸੀ ਅਸਥਿਰਤਾ ਦੇ ਨਾਲ ਉਥੋਂ ਦੀ ਆਰਥਿਕ ਮਾੜੀ ਹਾਲਤ ਵੀ ਹੈ।

ਅਜਿਹੇ ਹਾਲਾਤ ’ਚ ਸਮੇਂ-ਸਮੇਂ ’ਤੇ ਪਾਕਿਸਤਾਨ ’ਚ ਹੋਣ ਵਾਲੇ ਅੱਤਵਾਦੀ ਹਮਲਿਆਂ ਨੂੰ ਸੀ. ਪੀ. ਈ. ਸੀ. ਯੋਜਨਾ ’ਤੇ ਆਪਣਾ ਮਾੜਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਪਣੇ ਮਿੱਥੇ ਪ੍ਰੋਗਰਾਮ ਅਧੀਨ ਇਹ ਯੋਜਨਾ ਮੁਕੰਮਲ ਨਹੀਂ ਹੋ ਸਕੀ । ਇਸ ਯੋਜਨਾ ਨੇ 2017 ਤਕ ਮੁਕੰਮਲ ਹੋਣਾ ਸੀ ਪਰ 2022 ਤੱਕ ਵੀ ਇਸ ਯੋਜਨਾ ਦਾ 20 ਫੀਸਦੀ ਕੰਮ ਵੀ ਪੂਰਾ ਨਹੀਂ ਹੋਇਆ। ਇਸ ਨਾਲ ਜੁੜੇ ਦੂਜੇ ਪ੍ਰਾਜੈਕਟ ਵੀ ਅਜੇ ਤਕ ਪੂਰੇ ਨਹੀਂ ਹੋ ਸਕੇ ਹਨ। ਹੁਣ ਤਕ ਸੀ. ਪੀ. ਈ. ਸੀ. ਦੀਆਂ 15 ’ਚੋਂ ਸਿਰਫ 3 ਯੋਜਨਾਵਾਂ ਹੀ ਮੁਕੰਮਲ ਹੋ ਸਕੀਆਂ ਹਨ। ਜੇ ਕੀਮਤ ਦੀ ਗੱਲ ਕਰੀਏ ਤਾਂ 3 ਯੋਜਨਾਵਾਂ ਦੀ ਲਾਗਤ ਸਿਰਫ 30 ਕਰੋੜ ਡਾਲਰ ਹੈ ਜਦੋਂ ਕਿ ਮੁਕੰਮਲ ਯੋਜਨਾ 60 ਅਰਬ ਡਾਲਰ ਦੀ ਹੈ। ਇਸ ਦੌਰਾਨ ਪਾਕਿਸਤਾਨ ’ਚ ਰਹਿਣ ਵਾਲੇ ਚੀਨੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਸ਼ੁਰੂ ਹੋ ਗਈ ਹੈ। ਕੁਝ ਦਿਨ ਪਹਿਲਾਂ ਹੀ 26 ਅਪ੍ਰੈਲ ਨੂੰ ਕਰਾਚੀ ਯੂਨੀਵਰਸਿਟੀ ਦੇ ਬਾਹਰ ਇਕ ਬਲੋਚ ਆਤਮਘਾਤੀ ਮਹਿਲਾ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ ਸੀ। ਇਸ ਕਾਰਨ ਉਸ ਸਮੇਂ ਇਕ ਵੈਨ ’ਚ ਯੂਨੀਵਰਸਿਟੀ ਵਲ ਆ ਰਹੇ 3 ਚੀਨੀ ਨਾਗਰਿਕਾਂ ਅਤੇ ਇਕ ਪਾਕਿਸਤਾਨੀ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਮੁੱਦੇ ਨੂੰ ਲੈ ਕੇ ਪਾਕਿਸਤਾਨ ’ਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।

ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਅਤੇ ਇਸਲਾਮਾਬਾਦ ਦੇ ਸੰਸਦ ਮੈਂਬਰ ਮੁਸ਼ਾਹਿਤ ਹੁਸੈਨ ਨੇ ਕਿਹਾ ਹੈ ਕਿ ਕਰਾਚੀ ਦੇ ਹਮਲੇ ਪਿਛੋਂ ਚੀਨ ਦਾ ਪਾਕਿਸਤਾਨੀ ਸੁਰੱਖਿਆ ਫੋਰਸਾਂ ਅਤੇ ਪ੍ਰਣਾਲੀ ’ਤੇ ਭਰੋਸਾ ਘੱਟ ਹੋਇਆ ਹੈ। ਕਰਾਚੀ ਹਮਲਾ 2022 ਸਾਲ ’ਚ ਪਾਕਿਸਤਾਨ ’ਚ ਚੀਨ ਦੇ ਲੋਕਾਂ ’ਤੇ ਕੀਤਾ ਗਿਆ ਤੀਜਾ ਵੱਡਾ ਹਮਲਾ ਸੀ ਜਿਸ ਨੂੰ ਲੈ ਕੇ ਹੁਸੈਨ ਨੇ ਪਾਕਿਸਤਾਨ ਦੀ ਸੰਸਦ ’ਚ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਚੀਨ ’ਚ ਬਹੁਤ ਚਿੰਤਾ ਪਾਈ ਜਾ ਰਹੀ ਹੈ। ਇਸ ਦੌਰਾਨ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਕਰਾਚੀ ਦੇ ਹਮਲੇ ਪਿਛੋਂ ਪਾਕਿਸਤਾਨ ’ਚ ਰਹਿਣ ਵਾਲੇ ਚੀਨ ਦੇ ਲੋਕ ਵੱਡੀ ਗਿਣਤੀ ਵਾਪਸ ਚੀਨ ਜਾਣ ਲੱਗੇ ਹਨ ਪਰ ਪਾਕਿਸਤਾਨ ਦੇ ਸੁਰੱਖਿਆ ਅਧਿਕਾਰੀ ਅਤੇ ਉਥੋਂ ਦੀ ਮੀਡੀਆ ਨੇ ਅਜਿਹੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ’ਚ ਸਰਗਰਮ ਅੱਤਵਾਦੀ ਸਰਗਰਮੀਆਂ ਅਤੇ ਸੰਗਠਨਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇਸ ਤੋਂ ਚੀਨ ਨੂੰ ਭਰੋਸਾ ਨਹੀਂ ਹੋ ਰਿਹਾ। ਚੀਨ ਨੇ ਵੀ ਇਸ ਘਟਨਾ ’ਤੇ ਪੋਚਾ-ਪੋਚੀ ਕਰਦੇ ਹੋਏ ਕਿਹਾ ਕਿ ਕੋਈ ਵੀ ਅੱਤਵਾਦੀ ਘਟਨਾ ਚੀਨ ਅਤੇ ਪਾਕਿਸਤਾਨ ਦੇ ਰਿਸ਼ਤਿਆਂ ’ਤੇ ਮਾੜਾ ਅਸਰ ਨਹੀਂ ਪਾਏਗੀ।

ਇਕ ਪਾਸੇ ਪਾਕਿਸਤਾਨ ਚੀਨੀ ਲੋਕਾਂ ਦੀ ਸੁਰੱਖਿਆ ਦਾ ਭਰੋਸਾ ਦੇ ਰਿਹਾ ਹੈ ਤਾਂ ਉਥੇ ਕੁਝ ਪਾਕਿਸਤਾਨੀ ਰਿਪੋਰਟਾਂ ਇਹ ਦਾਅਵਾ ਜ਼ਰੂਰ ਕਰ ਰਹੀਆਂ ਹਨ ਕਿ ਪਾਕਿਸਤਾਨ ’ਚ ਰਹਿਣ ਵਾਲੇ ਚੀਨੀਆਂ ’ਚ ਹੁਣ ਡਰ ਸਪੱਸ਼ਟ ਦੇਖਿਆ ਜਾ ਸਕਦਾ ਹੈ। ਉਹ ਕਿਸੇ ਨਾ ਕਿਸੇ ਬਹਾਨੇ ਪਾਕਿਸਤਾਨ ਨੂੰ ਛੱਡ ਰਹੇ ਹਨ। ਜੇ ਇਹ ਹਾਲਾਤ ਜਾਰੀ ਰਹਿੰਦੇ ਹਨ ਤਾਂ ਪਾਕਿਸਤਾਨ ’ਚ ਚੱਲਣ ਵਾਲੀ ਚੀਨ ਦੀ ਯੋਜਨਾ ਨੂੰ ਝਟਕਾ ਲੱਗਣਾ ਯਕੀਨੀ ਹੈ। ਚੀਨ ਨੇ ਪਾਕਿਸਤਾਨ ’ਚ ਆਪਣੀ ਸੀ. ਪੀ. ਈ. ਸੀ. ਯੋਜਨਾ ਰਾਹੀਂ ਭਾਰਤ ਨੂੰ ਘੇਰਨ ਅਤੇ ਆਪਣਾ ਸਾਮਾਨ ਘੱਟ ਸਮੇਂ ’ਚ ਖਾੜੀ ਦੇ ਦੇਸ਼ਾਂ ਤਕ ਪਹੁੰਚਾਉਣ ਦਾ ਜੋ ਸੁਪਨਾ ਦੇਖਿਆ ਸੀ, ਉਹ ਹੁਣ ਢਹਿੰਦਾ ਨਜ਼ਰ ਆ ਰਿਹਾ ਹੈ। ਅਸਲ ’ਚ ਸੀ. ਪੀ. ਈ. ਸੀ. ਯੋਜਨਾ ਦਾ ਵੱਡਾ ਹਿੱਸਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚੋਂ ਹੋ ਕੇ ਲੰਘਦਾ ਹੈ। ਇਥੋਂ ਦੇ ਲੋਕਾਂ ’ਚ ਪਾਕਿਸਤਾਨ ਵਿਰੁੱਧ ਬਹੁਤ ਗੁੱਸਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਬਲੋਚਿਸਤਾਨ ’ਤੇ ਪਾਕਿਸਤਾਨ ਨੇ 1948 ’ਚ ਆਪਣੀਆਂ ਫੌਜਾਂ ਜ਼ਰੀਏ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਬਲੋਚਿਸਤਾਨ ਇਕ ਆਜ਼ਾਦ ਦੇਸ਼ ਬਣਿਆ ਰਹਿਣਾ ਚਾਹੁੰਦਾ ਸੀ।

ਪਾਕਿਸਤਾਨ ਦੀ ਅੰਦਰੂਨੀ ਲੜਾਈ ’ਚ ਉਸ ਦੇ ਸਭ ਤੋਂ ਨੇੜਲੇ ਅਤੇ ਖਾਸ ਦੋਸਤ ਚੀਨ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਸ਼ੀ-ਜਿਨਪਿੰਗ ਦੀ ਅਹਿਮ ਇੱਛਾ ਉਕਤ ਯੋਜਨਾ ਬਿਨਾਂ ਰਣਨੀਤਿਕ ਸਿਆਣਪ ਤੋਂ ਸ਼ੁਰੂ ਕਰ ਦਿੱਤੀ ਗਈ ਪਰ ਹੁਣ ਪਾਕਿਸਤਾਨ ਦੀ ਅੰਦਰੂਨੀ ਲੜਾਈ ਚੀਨ ਦੇ ਨਾ ਸਿਰਫ 60 ਅਰਬ ਡਾਲਰ ਡੁਬੋਏਗੀ ਸਗੋਂ ਭਵਿੱਖ ’ਚ ਚੀਨ ਦੇ ਸੌਖੇ ਰਾਹ ਰਾਹੀਂ ਖਾੜੀ ਦੇਸ਼ਾਂ ਅਤੇ ਉੱਤਰੀ ਅਫਰੀਕੀ ਦੇਸ਼ਾਂ ਤਕ ਆਪਣਾ ਤਿਆਰ ਸਮਾਨ ਪਹੁੰਚਾਉਣ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦੇਵੇਗੀ।


cherry

Content Editor

Related News