ਚੀਨ ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ ਬਿਜਲੀ ਨਾਲ ਚੱਲਣ ਵਾਲਾ ਕਾਰਗੋ ਜਹਾਜ਼

11/14/2017 4:51:53 PM

ਬੀਜਿੰਗ (ਭਾਸ਼ਾ)— ਚੀਨ ਨੇ ਦੁਨੀਆ ਦਾ ਪਹਿਲਾ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲਾ ਕਾਰਗੋ ਜਹਾਜ਼ ਲਾਂਚ ਕੀਤਾ ਹੈ। ਇਹ ਜਹਾਜ਼ ਦੋ ਘੰਟੇ ਚਾਰਜ ਕੀਤੇ ਜਾਣ ਮਗਰੋਂ 2000 ਟਨ ਮਾਲ ਨਾਲ 80 ਕਿਲੋਮੀਟਰ ਤੱਕ ਯਾਤਰਾ ਕਰ ਸਕਦਾ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ 70.5 ਮੀਟਰ ਲੰਬੇ ਜਹਾਜ਼ ਨੂੰ ਦੱਖਣੀ ਚੀਨ ਦੇ ਗੁਆਂਗਦੋਂਗ ਸੂਬੇ ਦੇ ਗਵਾਂਗਝੋਉ ਵਿਚ ਲਾਂਚ ਕੀਤਾ ਗਿਆ। ਇਸ ਵਿਚ 600 ਟਨ ਵਜ਼ਨ ਲਿਜਾਣ ਦੀ ਸਮਰੱਥਾ ਹੈ। 'ਗਵਾਂਗਝੋਉ ਸ਼ਿਪਯਾਰਡ ਇੰਟਰਨੈਸ਼ਨਲ ਕੰਪਨੀ ਲਿਮਿਟਿਡ' ਨੇ ਇਸ ਕਾਰਗੋ ਜਹਾਜ਼ ਦਾ ਨਿਰਮਾਣ ਕੀਤਾ ਹੈ। ਇਹ 26 ਟਨ ਲੀਥੀਅਮ ਬੈਟਰੀ ਨਾਲ ਸੰਚਾਲਿਤ ਹੈ। ਇਹ 12.8 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਸਕਦਾ ਹੈ। ਇਕ ਹੋਰ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਜਹਾਜ਼ ਵਿਚ ਜੈਵਿਕ ਈਂਧਨ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸ ਲਈ ਇਹ ਕਾਰਬਨ, ਸਲਫਰ ਅਤੇ ਪੀ.ਐੱਮ. 2.5 ਸਮੇਤ ਕੋਈ ਹੋਰ ਪਦਾਰਥ ਬਾਹਰ ਨਹੀਂ ਕੱਢਦਾ। ਇਸ ਦੀ ਵਰਤੋਂ ਯਾਤਰੀਆਂ ਨੂੰ ਲਿਜਾਣ ਅਤੇ ਮਾਲ ਢੋਣ ਲਈ ਵੀ ਕੀਤੀ ਜਾ ਸਕਦੀ ਹੈ।


Related News