ਚੀਨ ਨੇ ਖਣਿਜਾਂ ਦੀ ਖੋਜ ਕਰਨ ਲਈ ਕੈਮਰਾ ਸੈਟੇਲਾਈਟ ਕੀਤਾ ਲਾਂਚ

Monday, Dec 27, 2021 - 04:06 PM (IST)

ਚੀਨ ਨੇ ਖਣਿਜਾਂ ਦੀ ਖੋਜ ਕਰਨ ਲਈ ਕੈਮਰਾ ਸੈਟੇਲਾਈਟ ਕੀਤਾ ਲਾਂਚ

ਬੀਜਿੰਗ : ਚੀਨ ਨੇ ਐਤਵਾਰ ਨੂੰ ਇਕ ਕੈਮਰੇ ਦੇ ਨਾਲ ਇਕ ਅਜਿਹੇ ਨਵੇਂ ਉਪਗ੍ਰਹਿ ਨੂੰ ਲਾਂਚ ਕੀਤਾ, ਜੋ ਪੰਜ ਮੀਟਰ ਦੇ ‘ਰੈਜ਼ੋਲੂਸ਼ਨ’ ਨਾਲ ਜ਼ਮੀਨ ਦੀਆਂ ਤਸਵੀਰਾਂ ਲੈ ਸਕਦਾ ਹੈ। ਦੇਸ਼ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ (CNSA) ਨੇ ਇਹ ਜਾਣਕਾਰੀ ਦਿੱਤੀ। ‘‘ਜਿਯੁਆਨ-1 02ਈ’’ ਜਾਂ ‘‘ਪੰਜ ਮੀਟਰ ਆਪਟੀਕਲ ਸੈਟੇਲਾਈਟ 02’’ ਨਾਮੀ ਉਪਗ੍ਰਹਿ ਨੂੰ ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ’ਚ ਤਾਈਯੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਇਕ ‘ਲਾਂਗ ਮਾਰਚ-4ਸੀ’ ਰਾਕੇਟ ਰਾਹੀਂ ਲਾਂਚ ਕੀਤਾ ਗਿਆ। ਸਰਕਾਰੀ ‘ਸੀ.ਜੀ.ਟੀ.ਐੱਨ-ਟੀ.ਵੀ.' ਦੀ ਖ਼ਬਰ ਅਨੁਸਾਰ ਜਿਯੁਆਨ-02ਈ ਦਾ ਭਾਰ ਲੱਗਭਗ 2.5 ਕਿਲੋਗ੍ਰਾਮ ਹੈ ਅਤੇ ਇਹ 'ਇਨਫ੍ਰਾਰੈੱਡ ਅਤੇ ਹਾਈਪਰਸਪੈਕਟ੍ਰਲ' ਕੈਮਰਿਆਂ ਨਾਲ ਲੈਸ ਹੈ। ਇਹ ਕੈਮਰੇ ਧਰਤੀ ਦੀਆਂ ਫੁੱਲ-ਕਲਰ ਤਸਵੀਰਾਂ ਲੈ ਸਕਦੇ ਹਨ। ਇਹ ਉਪਗ੍ਰਹਿ ਪੰਜ ਮੀਟਰ ਦੇ ਆਪਟੀਕਲ ਸੈਟੇਲਾਈਟ 01 ਦੇ ਨਾਲ ਕੰਮ ਕਰੇਗਾ ਅਤੇ ਚੀਨੀ ਖੇਤਰ ਦੇ ਪੁਨਰ ਖੋਜ ਦੇ ਸਮੇਂ ਨੂੰ ਤਿੰਨ ਦਿਨਾਂ ਤੋਂ ਘਟਾ ਕੇ ਦੋ ਦਿਨ ਕਰ ਦੇਵੇਗਾ।

ਖਬਰਾਂ ਮੁਤਾਬਕ ਉਪਗ੍ਰਹਿ ਵੱਲੋਂ ਲਈਆਂ ਗਈਆਂ ਤਸਵੀਰਾਂ ਇੰਜੀਨੀਅਰਾਂ ਨੂੰ ਚੀਨ ਦੇ ਭੂ-ਵਿਗਿਆਨਕ ਵਾਤਾਵਰਣ ਦਾ ਸਰਵੇਖਣ ਕਰਨ ਅਤੇ ਖਣਿਜਾਂ ਦੀ ਖੋਜ ਕਰਨ ’ਚ ਮਦਦ ਕਰਨਗੀਆਂ। ਖਬਰਾਂ ’ਚ ਕਿਹਾ ਗਿਆ ਹੈ ਕਿ ਟਰਾਂਸਪੋਰਟ, ਖੇਤੀਬਾੜੀ ਅਤੇ ਆਫਤ ਨਿਵਾਰਨ ਵਰਗੇ ਹੋਰ ਖੇਤਰਾਂ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਇਨ੍ਹਾਂ ਤਸਵੀਰਾਂ ਤੋਂ ਮਦਦ ਮਿਲੇਗੀ। ਲਾਂਗ ਮਾਰਚ-4ਸੀ ਰਾਕੇਟ ਰਾਹੀਂ ਇਕ ਛੋਟਾ ਸੈਟੇਲਾਈਟ ਵੀ ਆਰਬਿਟ ’ਚ ਭੇਜਿਆ ਗਿਆ, ਜੋ  ਬੀਜਿੰਗ 101 ਮਿਡਲ ਸਕੂਲ ਦਾ ਹੈ।


author

Manoj

Content Editor

Related News