ਚੀਨ ਨੇ ਹੁਣ ਛੇੜੀ ਭਾਸ਼ਾ ਜੰਗ: 300 ਭਾਸ਼ਾਵਾਂ ਨੂੰ ਖਾ ਜਾਏਗੀ ‘ਮੰਦਾਰਿਨ’
Friday, Dec 03, 2021 - 12:24 AM (IST)
ਬੀਜਿੰਗ - ਚੀਨ ਦੀ ਕਮਿਊਨਿਸਟ ਸਰਕਾਰ ਲੋਕਾਂ ਨੂੰ ਮਜ਼ਬੂਰ ਕਰਨ ਜਾ ਰਹੀ ਹੈ ਕਿ ਉਹ ਇਕੋ ਹੀ ਭਾਸ਼ਾ ਬੋਲਣ। ਜਿਨਪਿੰਗ ਸਰਕਾਰ ਨੇ ਆਪਣੀ ਭਾਸ਼ਾ ‘ਮੰਦਾਰਿਨ’ ਨੂੰ 2035 ਤੱਕ ਦੁਨੀਆ ਦੀ ਭਾਸ਼ਾ ਬਣਾ ਦੇਣ ਦਾ ਟੀਚਾ ਰੱਖਿਆ ਹੈ। ਸ਼ੁਰੂਆਤ ਚੀਨ ਤੋਂ ਕੀਤੀ ਜਾ ਰਹੀ ਹੈ ਅਤੇ ਚੀਨ ਵਿਚ 2025 ਤੱਕ 85 ਫੀਸਦੀ ਆਬਾਦੀ ਨੂੰ ਸਿਰਫ ‘ਮੰਦਾਰਿਨ’ ਭਾਸ਼ਾ ਦੀ ਹੀ ਵਰਤੋਂ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਏਗਾ। ਇਸ ਤਰ੍ਹਾਂ ਨਾਲ ਚੀਨ ਨੇ ਹੁਣ ਸੱਭਿਆਚਾਰ ਨੂੰ ਨਸ਼ਟ ਕਰਨ ਲਈ ਇਕ ਵੱਖਰੀ ਤਰ੍ਹਾਂ ਦਾ ਭਾਸ਼ਾ ਜੰਗ ਛੇੜ ਦਿੱਤੀ ਹੈ। ਜੇਕਰ ‘ਮੰਦਾਰਿਨ’ ਭਾਸ਼ਾ ਪੂਰੇ ਚੀਨ ਵਿਚ ਬੋਲੀ ਜਾਏਗੀ ਤਾਂ ਉਹ ਖੇਤਰੀ ਅਤੇ ਘੱਟਗਿਣਤੀਆਂ ਦੀਆਂ 300 ਭਾਸ਼ਾਵਾਂ ਨੂੰ ਖਾ ਜਾਏਗੀ।
ਚੀਨ ਨੇ ‘ਮੰਦਾਰਿਨ’ ਨੂੰ ਬੜ੍ਹਾਵਾ ਦੇਣ ਲਈ ਹਮਲਾਵਰ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਉਸਦਾ ਕਹਿਣਾ ਹੈ ਕਿ 2025 ਤੱਕ ਉਸਦੇ 85 ਫੀਸਦੀ ਨਾਗਰਿਕ ਰਾਸ਼ਟਰੀ ਭਾਸ਼ਾ ਦੀ ਵਰਤੋਂ ਕਰਨ ਲੱਗਣਗੇ। ਚੀਨ ਦੀ ਕੈਬਨਿਟ, ਸਟੇਟ ਕੌਂਸਲ ਵਲੋਂ ਮੰਗਲਵਾਰ ਨੂੰ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ‘ਮੰਦਾਰਿਨ’ ਦੀ ਵਰਤੋਂ ਅਜੇ ਬਹੁਤ ਘੱਟ ਹੈ ਅਤੇ ਆਧੁਨਿਕ ਆਰਥਿਕਤਾ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਵਿਚ ਸੁਧਾਰ ਦੀ ਲੋੜ ਹੈ।
ਵਿਰੋਧ ਜਾਰੀ
ਚੀਨ ਦੇ ਇਸ ਕਦਮ ਦਾ ਵੱਡੇ ਪੈਮਾਨੇ ’ਤੇ ਲੋਕ ਵਿਰੋਧ ਕਰ ਰਹੇ ਹਨ। ਤਿੱਬਤੀ ਭਾਈਚਾਰੇ ਦਾ ਕਹਿਣਾ ਹੈ ਕਿ ਇੰਝ ਤਾਂ ਸਾਡੀ ਭਾਸ਼ਾ ਹੀ ਮਰ ਜਾਏਗੀ। ਵਿਰੋਧ ਕਰਨ ਵਾਲਿਆਂ ਦਾ ਤਰਕ ਹੈ ਕਿ ਘੱਟ ਗਿਣਤੀ ਭਾਸ਼ਾਵਾਂ ਖੁਰ ਰਹੀਆਂ ਹਨ। ਉਨ੍ਹਾਂ ਨੇ ਇਸਨੂੰ ਸੰਸਕ੍ਰਿਤੀ ਨੂੰ ਨਸ਼ਟ ਕਰਨ ਦੀ ਮੁਹਿੰਮ ਦੱਸਿਆ ਹੈ।
ਸੈਂਕੜੇ ਭਾਸ਼ਾਵਾਂ ਖਤਰੇ ਵਿਚ
ਖੇਤਰਫਲ ਅਤੇ ਆਬਾਦੀ ਦੇ ਲਿਹਾਜ਼ ਨਾਲ ਚੀਨ ਇਕ ਵਿਸ਼ਾਲ ਦੇਸ਼ ਹੈ। ਇਥੇ ਭਾਸ਼ਾਵਾਂ ਅਤੇ ਖੇਤਰੀ ਵਖਰੇਵੇਂ ਬਹੁਤ ਹਨ। ਇਕ ਅਨੁਮਾਨ ਮੁਤਾਬਕ ਚੀਨ ਵਿਚ 300 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਾਲਾਂਕਿ 92 ਫੀਸਦੀ ਆਬਾਦੀ 7 ਤਰ੍ਹਾਂ ਦੀਆਂ ਭਾਸ਼ਾਵਾਂ ਦਾ ਇਕ ਮਿਲਿਆ-ਜੁਲਿਆ ਰੂਪ ਬੋਲਦੀ ਹੈ। ਚੀਨੀ-ਤਿੱਬਤ ਪਰਿਵਾਰ ਦੀਆਂ 19 ਤਰ੍ਹਾਂ ਦੀਂ ਪ੍ਰਾਚੀਨ ਅਧਿਕਾਰਕ ਭਾਸ਼ਾਵਾਂ ਹਨ ਜੋ ਹਾਨ ਸੂਬੇ ਅਤੇ ਤਿੱਬਤ ਵਿਚ ਬੋਲੀਆਂ ਜਾਂਦੀਆਂ ਹਨ। ਤਾਈ-ਕਦਾਈ ਪਰਿਵਾਰ ਦੀਆਂ 9 ਭਾਸ਼ਾਵਾਂ ਝੁਆਂਗਾ, ਬੁਏਈ, ਦਾਈ, ਦੋਂਗ ਅਤੇ ਲੀ ਭਾਈਚਾਰੇ ਬੋਲਦੇ ਹਨ। ਇਸ ਤੋਂ ਇਲਾਵਾ ਤੁਰਕੀ, ਮੰਗੋਲੀਆਈ, ਤੁੰਗਸਿਕ, ਕੋਰੀਆਈ, ਇੰਡੋ-ਯੂਰਪ, ਆਸਟ੍ਰੋਏਸ਼ੀਅਨ ਪਰਿਵਾਰ ਦੀਆਂ ਭਾਸ਼ਾਵਾਂ ਚੀਨ ਵਿਚ ਬੋਲੀਆਂ ਜਾਂਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।