ਚੀਨ ਨੇ ਲਾਂਚ ਕੀਤੀ ਹਾਈਪਰਸੋਨਿਕ ਮਿਜ਼ਾਈਲ, ਰਫਤਾਰ ਆਵਾਜ ਦੀ ਗਤੀ ਨਾਲੋਂ ਪੰਜ ਗੁਣਾ ਵੱਧ

Monday, Oct 18, 2021 - 12:59 PM (IST)

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਚੀਨ ਨੇ ਪੁਲਾੜ ਨੂੰ ਲੈ ਕੇ ਆਪਣੀਆਂ ਇੱਛਾਵਾਂ ਨੂੰ ਪ੍ਰਗਟ ਕੀਤਾ ਹੈ।ਫਾਈਨਾਂਸ਼ੀਅਲ ਟਾਈਮਸ ਦੀ ਇਕ ਰਿਪੋਰਟ ਮੁਤਾਬਕ ਚੀਨ ਨੇ ਹਾਈਪਰਸੋਨਿਕ ਮਿਜ਼ਾਈਲ ਲਾਂਚ ਕੀਤੀ ਹੈ। ਇਹ ਮਿਜ਼ਾਈਲ ਪ੍ਰਮਾਣੂ ਸਮਰੱਥਾ ਵਾਲੀ ਮਿਜ਼ਾਈਲ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਈਪਰਸੋਨਿਕ ਹਥਿਆਰਾਂ ’ਤੇ ਚੀਨ ਦੀ ਤਰੱਕੀ ਨੇ ਅਮਰੀਕੀਖੁਫੀਆ ਏਜੰਸੀਆਂ ਨੂੰ ਹੈਰਾਨ ਕਰ ਦਿੱਤਾ। ਚੀਨ ਤੋਂ ਇਲਾਵਾ ਅਮਰੀਕਾ, ਰੂਸ ਅਤੇ ਘੱਟ ਤੋਂ ਘੱਟ ਪੰਜ ਹੋਰ ਦੇਸ਼ ਹਾਈਪਰਸੋਨਿਕ ਤਕਨੀਕ ’ਤੇ ਕੰਮ ਕਰ ਰਹੇ ਹਨ। ਹਾਈਪਰਸੋਨਿਕ ਮਿਜ਼ਾਈਲਾਂ ਰਵਾਇਤੀ ਬੈਲਿਸਟਿਕ ਮਿਜ਼ਾਈਲਾਂ ਵਾਂਗ ਪ੍ਰਮਾਣੂ ਹਥਿਆਰ ਪਹੁੰਚਾ ਸਕਦੀਆਂ ਹਨ। ਇਨ੍ਹਾਂ ਦੀ ਰਫਤਾਰ ਆਵਾਜ ਦੀ ਗਤੀ ਨਾਲੋਂ ਪੰਜ ਗੁਣਾ ਵੱਧ ਹੁੰਦੀ ਹੈ।

ਮਿਜ਼ਾਈਲ ਆਪਣੇ ਟਾਰਗੈੱਟ ਤੋਂ 32 ਕਿਮੀ ਦੂਰ ਪਹੁੰਚੀ
ਰਿਪੋਰਟ ’ਚ ਕਿਹਾ ਗਿਆ ਕਿ ਬੀਜਿੰਗ ਨੇ ਅਗਸਤ ’ਚ ਇਕ ਪ੍ਰਮਾਣੂ-ਸਮਰੱਥਾਵਾਨ ਮਿਜ਼ਾਈਲ ਲਾਂਚ ਕੀਤੀ ਸੀ, ਜਿਸ ਨੇ ਆਪਣੇ ਟਾਰਗੈੱਟ ਵੱਲ ਉੱਤਰਨ ਤੋਂ ਪਹਿਲਾਂ ਲੋ ਆਰਬਿਟ ’ਚ ਧਰਤੀ ਦਾ ਚੱਕਰ ਲਗਾਇਆ। ਤਿੰਨ ਹੋਰ ਸੂਤਰਾਂ ਨੇ ਕਿਹਾ ਕਿ ਇਹ ਮਿਜ਼ਾਈਲ ਆਪਣੇ ਟਾਰਗੈੱਟ ਤੋਂ 32 ਕਿਲੋਮੀਟਰ ਤੱਕ ਦੂਰ ਗਈ। ਆਮ ਤੌਰ ’ਤੇ ਚੀਨ ਵੱਲੋਂ ਕੀਤੇ ਜਾਣ ਵਾਲੇ ਪ੍ਰੀਖਣਾਂ ਦੀ ਜਾਣਕਾਰੀ ਨੂੰ ਜਨਤਕ ਕਰ ਦਿੱਤਾ ਜਾਂਦਾ ਹੈ ਪਰ ਅਗਸਤ ’ਚ ਹੋਈ ਇਸ ਲਾਂਚਿੰਗ ਨੂੰ ਗੁਪਤ ਰੱਖਿਆ ਗਿਆ ਹੈ।

ਰਾਡਾਰ ਤੋਂ ਬਚਣ ਲਈ ਘੱਟ-ਵੱਧ ਕਰ ਲੈਂਦੀ ਹੈ ਰਫਤਾਰ
ਬੈਲਿਸਟਿਕ ਮਿਜ਼ਾਈਲਾਂ ਆਪਣੇ ਟਾਰਗੈੱਟ ਤੱਕ ਪੁੱਜਣ ਲਈ ਇਕ ਆਰਕ ’ਚ ਪੁਲਾੜ ’ਚ ਉੱਚੀ ਉਡਾਣ ਭਰਦੀਆਂ ਹਨ, ਜਦੋਂ ਕਿ ਹਾਈਪਰਸੋਨਿਕ ਵਾਯੂਮੰਡਲ ’ਚ ਲੋ ਟ੍ਰੈਜੇਕਟਰੀ ’ਤੇ ਉਡਾਣ ਭਰਦੀ ਹੈ। ਇਹੀ ਵਜ੍ਹਾ ਹੈ ਕਿ ਇਹ ਜ਼ਿਆਦਾ ਤੇਜ਼ ਰਫਤਾਰ ਨਾਲ ਆਪਣੇ ਟਾਰਗੈੱਟ ਤੱਕ ਪੁੱਜਦੀ ਹੈ। ਹਾਈਪਰਸੋਨਿਕ ਮਿਜ਼ਾਈਲ ਦੀ ਇਕ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੇ ਕੋਲ ਦੁਸ਼ਮਨ ਦੇ ਰਾਡਾਰ ਤੋਂ ਬਚਣ ਦੇ ਕਈ ਢੰਗ ਹਨ, ਜਿਵੇਂ ਇਹ ਆਪਣੀ ਰਫਤਾਰ ਨੂੰ ਘੱਟ-ਵੱਧ ਕਰ ਸਕਦੀ ਹੈ। ਇਸ ਨਾਲ ਇਸ ਨੂੰ ਟ੍ਰੈਕ ਕਰਨਾ ਅਤੇ ਬਚਣਾ ਮੁਸ਼ਕਲ ਹੋ ਜਾਂਦਾ ਹੈ। ਇਹ ਕੁਝ ਸਬਸੋਨਿਕ ਕਰੂਜ਼ ਮਿਜ਼ਾਈਲ ਵਾਂਗ ਕੰਮ ਕਰਨ ਲੱਗਦੀ ਹੈ।

ਹਾਈਪਰਸੋਨਿਕ ਟੈਕਨੋਲਾਜੀ ਦੇ ਪਿੱਛੇ ਚੀਨ ਦੀ ਮੰਸ਼ਾ
ਅਮਰੀਕਾ ਵਰਗੇ ਦੇਸ਼ਾਂ ਨੇ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਤੋਂ ਬਚਾਅ ਲਈ ਡਿਜ਼ਾਈਨ ਕੀਤੇ ਗਏ ਸਿਸਟਮ ਵਿਕਸਿਤ ਕੀਤੇ ਹਨ ਪਰ ਹਾਈਪਰਸੋਨਿਕ ਮਿਜ਼ਾਈਲ ਨੂੰ ਟ੍ਰੈਕ ਕਰਨ ਅਤੇ ਇਸ ਨੂੰ ਮਾਰ ਡੇਗਣ ਦੀ ਸਮਰੱਥਾ ਹਾਸਲ ਕਰਨਾ ਅਜੇ ਇਕ ਸਵਾਲ ਬਣਿਆ ਹੋਇਆ ਹੈ। ਯੂ. ਐੱਸ. ਕਾਂਗਰੇਸ਼ਨਲ ਰਿਸਰਚ ਸਰਵਿਸ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ, ਚੀਨ ਹਾਈਪਰਸੋਨਿਕ ਅਤੇ ਹੋਰ ਤਕਨੀਕਾਂ ’ਚ ਅਮਰੀਕੀ ਵਾਧੇ ਤੋਂ ਬਚਾਅ ਲਈ ਇਸ ਨੂੰ ਮਹੱਤਵਪੂਰਣ ਮੰਨਦਾ ਹੈ। ਇਹੀ ਵਜ੍ਹਾ ਹੈ ਕਿ ਚੀਨ ਹਾਈਪਰਸੋਨਿਕ ਟੈਕਨਾਲੌਜੀ ਨੂੰ ਹਮਲਾਵਰ ਰੂਪ ਨਾਲ ਵਿਕਸਿਤ ਕਰ ਰਿਹਾ ਹੈ।

ਧਰਤੀ ’ਤੇ ਕਿਤੇ ਵੀ ਹਮਲਾ ਕਰਨ ਦੀ ਸਮਰੱਥਾ
ਚੀਨ ਦੀ ਇਹ ਹਾਈਪਰਸੋਨਿਕ ਮਿਜ਼ਾਈਲ ਆਮ ਭਾਸ਼ਾ ’ਚ ਪ੍ਰਮਾਣੂ ਬੰਬ ਹੀ ਹੈ। ਜਿਸ ਦਾ ਮਤਲੱਬ ਹੈ ਕਿ ਚੀਨ ਹੁਣ ਪੁਲਾੜ ਤੋਂ ਕਦੇ ਵੀ ਕਿਸੇ ਵੀ ਦੇਸ਼ ’ਤੇ ਆਪਣੀ ਮਰਜ਼ੀ ਨਾਲ ਪ੍ਰਮਾਣੂ ਬੰਬ ਨਾਲ ਹਮਲਾ ਕਰ ਸਕਦਾ ਹੈ। ਇਸ ਹਥਿਆਰ ਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਜੇਕਰ ਇਸ ਹਥਿਆਰ ਨੂੰ ਦਾਗਿਆ ਗਿਆ, ਤਾਂ ਫਿਰ ਉਸ ਨਿਸ਼ਾਨੇ ’ਤੇ ਵਿਨਾਸ਼ ਫੈਲਣ ਤੋਂ ਕੋਈ ਨਹੀਂ ਰੋਕ ਸਕਦਾ ਹੈ। ਇਸ ਦੀ ਸਪੀਡ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਪੁਲਾੜ ਤੋਂ ਇਹ ਹਾਈਪਰਸੋਨਿਕ ਮਿਜ਼ਾਈਲ ਅਮਰੀਕਾ ’ਤੇ ਸਿਰਫ 1 ਮਿੰਟ ਅਤੇ ਕੁੱਝ ਸੈਕੰਡਸ ’ਚ ਹਮਲਾ ਕਰ ਸਕਦੀ ਹੈ ਅਤੇ ਉੱਥੇ ਬਰਬਾਦੀ ਫੈਲਾ ਸਕਦੀ ਹੈ।


Vandana

Content Editor

Related News