ਚੀਨ ਨੇ ਚੰਦਰਮਾ 'ਤੇ ਸਫਲਤਾਪੂਰਵਕ ਉਤਾਰਿਆ ਆਪਣਾ ਪੁਲਾੜ ਯਾਨ, ਜਾਣੋ ਕੀ ਹੈ ਅਗਲਾ ਟੀਚਾ

Wednesday, Dec 02, 2020 - 12:04 PM (IST)

ਚੀਨ ਨੇ ਚੰਦਰਮਾ 'ਤੇ ਸਫਲਤਾਪੂਰਵਕ ਉਤਾਰਿਆ ਆਪਣਾ ਪੁਲਾੜ ਯਾਨ, ਜਾਣੋ ਕੀ ਹੈ ਅਗਲਾ ਟੀਚਾ

ਪੇਈਚਿੰਗ- ਚੀਨ ਦਾ ਪੁਲਾੜ ਚਾਂਗ ਈ-5 ਮੰਗਲਵਾਰ ਨੂੰ ਸਫਲਤਾਪੂਰਵਕ ਚੰਦਰਮਾ ਦੀ ਸਤ੍ਹਾ 'ਤੇ ਉੱਤਰ ਗਿਆ। ਚੀਨ ਦੀ ਨੈਸ਼ਨਲ ਸਪੇਸ ਐਡਮਿਨਸਟ੍ਰੇਸ਼ਨ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਲਾੜ ਚੰਦਰਮਾ ਦੀ ਸਤ੍ਹਾ 'ਤੇ ਪਹਿਲਾਂ ਤੋਂ ਨਿਰਧਾਰਤ ਦੀ ਥਾਂ ਦੇ ਬਿਲਕੁਲ ਕੋਲ ਉਤਾਰਿਆ ਗਿਆ ਹੈ। ਇਸ ਮਿਸ਼ਨ ਨੂੰ ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਲਾਂਗ ਮਾਰਚ-5 ਰਾਹੀਂ 24 ਨਵੰਬਰ ਨੂੰ ਲਾਂਚ ਕੀਤਾ ਸੀ। ਇਸ ਮਿਸ਼ਨ ਰਾਹੀਂ ਚੀਨ ਚੰਦਰਮਾ ਦੀ ਸਤ੍ਹਾ ਤੋਂ ਮਿੱਟੀ ਦੇ ਨਮੂਨਿਆਂ ਨੂੰ ਧਰਤੀ 'ਤੇ ਲਿਆਵੇਗਾ।

ਚੰਦਰਮਾ ਦੀ ਸਤ੍ਹਾ 'ਤੇ 44 ਸਾਲ ਬਾਅਦ ਅਜਿਹਾ ਕੋਈ ਪੁਲਾੜ ਯਾਨ ਉਤਾਰਿਆ ਹੈ, ਜੋ ਇੱਥੋਂ ਦੇ ਨਮੂਨਾ ਲੈ ਕੇ ਵਾਪਸ ਪਰਤੇਗਾ। ਇਸ ਤੋਂ ਪਹਿਲਾਂ ਰੂਸ ਦਾ ਲੂਨਾ 24 ਮਿਸ਼ਨ 22 ਅਗਸਤ, 1976 ਨੂੰ ਚੰਦ ਦੀ ਸਤ੍ਹਾ 'ਤੇ ਉੱਤਰਿਆ ਸੀ। ਤਦ ਲੂਨਾ ਆਪਣੇ ਨਾਲ ਚੰਦ ਤੋਂ 200 ਗ੍ਰਾਮ ਮਿੱਟੀ ਲੈ ਕੇ ਵਾਪਸ ਪਰਤਿਆ ਸੀ। ਜਦਕਿ ਚੀਨ ਦਾ ਇਹ ਪੁਲਾੜ ਯਾਨ ਆਪਣੇ ਨਾਲ 2 ਕਿਲੋ ਮਿੱਟੀ ਲੈ ਕੇ ਵਾਪਸ ਆਵੇਗਾ। 

ਚੀਨ ਦੇ ਦੋ ਮਿਸ਼ਨ ਚੰਦਰਮਾ ਦੀ ਸਤ੍ਹਾ 'ਤੇ ਪਹਿਲਾਂ ਤੋਂ ਹੀ ਮੌਜੂਦ ਹਨ। ਇਸ ਵਿਚ ਚੇਂਗ-ਈ-3 ਨਾਂ ਦਾ ਸਪੇਸਕ੍ਰਾਫਟ 2013 ਵਿਚ ਚੰਦਰਮਾ ਦੀ ਸਤ੍ਹਾ 'ਤੇ ਪਹੁੰਚਿਆ ਸੀ। ਜਦਕਿ ਜਨਵਰੀ 2019 ਵਿਚ ਚੇਂਗ-ਈ-4 ਚੰਦਰਮਾ ਦੀ ਸਤ੍ਹਾ 'ਤੇ ਲੈਂਡਰ ਅਤੇ ਯੂ.ਟੂ.-2 ਰੋਵਰ ਨਾਲ ਲੈਂਡ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮਿਸ਼ਨ ਹੁਣ ਵੀ ਚੱਲ ਰਿਹਾ ਹੈ। 

ਚੀਨ ਦਾ ਮੁੱਖ ਪੁਲਾੜ ਯਾਨ ਚੰਦਰਮਾ ਦੀ ਸਤ੍ਹਾ ਦੇ ਨਮੂਨੇ ਨੂੰ ਇਕ ਕੈਪਸੂਲ ਵਿਚ ਰੱਖੇਗਾ ਅਤੇ ਉਸ ਨੂੰ ਫਿਰ ਧਰਤੀ ਲਈ ਰਵਾਨਾ ਕਰੇਗਾ ਤੇ ਇਸ ਲਈ ਕੁੱਲ 23 ਦਿਨ ਦਾ ਸਮਾਂ ਲੱਗ ਸਕਦਾ ਹੈ। ਤਕਰੀਬਨ 4 ਦਹਾਕਿਆਂ ਬਾਅਦ ਅਜਿਹਾ ਹੋਣ ਜਾ ਰਿਹਾ ਹੈ ਜਦ ਕੋਈ ਦੇਸ਼ ਚੰਦਰਮਾ ਦੀ ਸਤ੍ਹਾ ਦੀ ਖੋਦਾਈ ਕਰਕੇ ਉੱਥੋਂ ਚੱਟਾਨ ਅਤੇ ਮਿੱਟੀ ਧਰਤੀ 'ਤੇ ਲਿਆਉਣ ਜਾ ਰਿਹਾ ਹੈ। ਇਸ ਪੂਰੇ ਮਿਸ਼ਨ ਨੂੰ ਚੀਨ ਦਾ ਸਭ ਤੋਂ ਵੱਡਾ ਮਿਸ਼ਨ ਕਿਹਾ ਜਾ ਰਿਹਾ ਹੈ।  


author

Lalita Mam

Content Editor

Related News