ਚੀਨ ਨੇ ਹੁਣ ਨਿਊਯਾਰਕ ’ਚ ਸਥਾਪਿਤ ਕਰ ਲਿਆ ਗੁਪਤ ਪੁਲਸ ਥਾਣਾ, ਸੰਸਦ ਮੈਂਬਰਾਂ ਦੇ ਉੱਡੇ ਹੋਸ਼
Friday, Nov 18, 2022 - 11:41 PM (IST)
ਵਾਸ਼ਿੰਗਟਨ (ਯੂ. ਐੱਨ. ਆਈ.) : ਚੀਨ ਦੀਆਂ ਕੰਪਨੀਆਂ ਅਮਰੀਕਾ ’ਚ ਫ਼ੌਜੀ ਅੱਡਿਆਂ ਦੇ ਆਲੇ-ਦੁਆਲੇ ਜ਼ਮੀਨਾਂ ਖਰੀਦ ਰਹੀਆਂ ਹਨ, ਇਸ ਸਨਸਨੀਖੇਜ਼ ਖ਼ਬਰ ਤੋਂ ਬਾਅਦ ਹੁਣ ਅਮਰੀਕਾ ’ਚ ਚੀਨ ਦੀ ਇਕ ਹੋਰ ਖੇਡ ਸਾਹਮਣੇ ਆਈ ਹੈ। ਸਪੇਨ ਸਥਿਤ ਐੱਨ. ਜੀ. ਓ. ਸੇਫਗਾਰਡ ਡਿਫੈਂਡਰਸ ਨੇ ਆਪਣੀ ਇਕ ਰਿਪੋਰਟ ’ਚ ਖੁਲਾਸਾ ਕੀਤਾ ਹੈ ਕਿ ਚੀਨ ਨੇ ਅਮਰੀਕਾ ਦੇ ਕਈ ਸ਼ਹਿਰਾਂ ’ਚ ਆਪਣੇ ਗੁਪਤ ਪੁਲਸ ਥਾਣੇ ਸਥਾਪਿਤ ਕਰ ਲਏ ਹਨ। ਸੇਫਗਾਰਡ ਡਿਫੈਂਡਰਸ ਅਨੁਸਾਰ ਚੀਨ ਨੇ ਅਮਰੀਕਾ ਦੇ ਨਿਊਯਾਰਕ ਸਮੇਤ ਕਈ ਮਹਾਦੀਪਾਂ ’ਚ ਵਿਦੇਸ਼ੀ ਪੁਲਸ ਸੇਵਾ ਸਟੇਸ਼ਨਾਂ ਦੀ ਸਥਾਪਨਾ ਕੀਤੀ ਹੈ, ਜਿਨ੍ਹਾਂ ’ਚ ਯੂ. ਕੇ. ਦੇ ਲੰਡਨ ’ਚ 2 ਅਤੇ ਗਲਾਸਗੋ ’ਚ ਇਕ ਸ਼ਾਮਲ ਹੈ। ਨਾਲ ਹੀ ਉਸ ਨੂੰ ਕੈਨੇਡਾ ਦੇ ਟੋਰੰਟੋ ’ਚ ਵੀ ਇਹ ਪੁਲਸ ਸਟੇਸ਼ਨ ਮਿਲੇ ਹਨ।
ਇਹ ਖ਼ਬਰ ਵੀ ਪੜ੍ਹੋ - ਉਮਰਾਂ 'ਚ ਕੀ ਰੱਖਿਆ! ਹਜ਼ਾਰਾਂ ਫੁੱਟ ਤੋਂ Skydiving ਕਰਕੇ ਬਜ਼ੁਰਗ ਜੋੜੇ ਨੇ ਬਣਾਇਆ ਰਿਕਾਰਡ
ਅਮਰੀਕਾ ’ਚ ਚੀਨ ਨਾਲ ਜੁੜੇ ਹੋਏ ਗੁਪਤ ਪੁਲਸ ਸਟੇਸ਼ਨਾਂ ਦੀ ਸਥਾਪਨਾ ਵਾਲੀਆਂ ਇਨ੍ਹਾਂ ਖਬਰਾਂ ਨਾਲ ਅਮਰੀਕਾ ਦੇ ਸਿਆਸਤਦਾਨ ਪ੍ਰੇਸ਼ਾਨ ਹਨ। ਐੱਫ. ਬੀ. ਆਈ. ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਸੀਨੀਅਰ ਸਿਆਸਤਦਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਏਜੰਸੀ ਪੂਰੇ ਅਮਰੀਕਾ ’ਚ ਅਜਿਹੇ ਕੇਂਦਰਾਂ ਦੀ ਰਿਪੋਰਟ ’ਤੇ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਸੋਚਣਾ ਵੀ ਅਪਮਾਨਜਨਕ ਹੈ ਕਿ ਨਿਊਯਾਰਕ ’ਚ ਚੀਨੀ ਪੁਲਸ ਬਿਨਾ ਕਿਸੇ ਤਾਲਮੇਲ ਦੇ ਆਪਣਾ ਪੁਲਸ ਸਟੇਸ਼ਨ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇ। ਇਹ ਸਾਡੀ ਖੁਦਮੁਖਤਿਆਰੀ ਦੀ ਉਲੰਘਣਾ ਹੈ ਅਤੇ ਮਾਨਕ ਨਿਆਇਕ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਵੀ ਉਲੰਘਣਾ ਹੈ।
ਕੀ ਹਨ ਚੀਨੀ ਥਾਣੇ
ਉਂਝ ਤਾਂ ਚੀਨ ਨੇ ਅਜਿਹੇ ਕਿਸੇ ਵੀ ਪੁਲਸ ਥਾਣੇ ਦੀ ਹੋਂਦ ਤੋਂ ਸਪਸ਼ਟ ਇਨਕਾਰ ਕੀਤਾ ਹੈ ਪਰ ਐੱਨ. ਜੀ. ਓ. ਸੇਫਗਾਰਡ ਡਿਫੈਂਡਰਸ ਦਾ ਕਹਿਣਾ ਹੈ ਕਿ ਇਨ੍ਹਾਂ ਥਾਣਿਆਂ ਦੀ ਸਥਾਪਨਾ ਦਿਖਾਵੇ ਲਈ ਕੌਮਾਂਤਰੀ ਅਪਰਾਧ ਨਾਲ ਨਜਿੱਠਣ ਅਤੇ ਵਿਦੇਸ਼ਾਂ ’ਚ ਚੀਨੀ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਦੇਣ ਲਈ ਕੀਤੀ ਗਈ ਹੈ, ਮਿਸਾਲ ਵਜੋਂ ਵਿਦੇਸ਼ਾਂ ’ਚ ਚੀਨੀ ਡਰਾਈਵਰਾਂ ਦੇ ਲਾਈਸੈਂਸਾਂ ਦਾ ਨਵੀਨੀਕਰਨ ਅਤੇ ਹੋਰ ਦੂਤਘਰ ਸਬੰਧੀ ਸੇਵਾਵਾਂ ਮੁਹੱਈਆ ਕਰਨਾ ਹੈ। ਸੇਫਗਾਰਡ ਡਿਫੈਂਡਰਸ ਅਨੁਸਾਰ ਅਸਲ ’ਚ ਇਨ੍ਹਾਂ ਚੀਨੀ ਥਾਣਿਆਂ ਦਾ ਮਕਸਦ ਇਨ੍ਹਾਂ ਰਾਹੀਂ ਜ਼ਿਆਦਾ ਡਰਾਉਣੇ ਟੀਚੇ ਪ੍ਰਾਪਤ ਕਰਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।