ਯੂਨਾਨੀ ਸੋਸ਼ਲ ਮੀਡੀਆ ''ਤੇ ਚੀਨ ਦਾ ਗੁਪਤ ਪ੍ਰਚਾਰ ਮੁਹਿੰਮ ! RSF ਨੇ ਜਾਰੀ ਕੀਤੀ ਚੇਤਾਵਨੀ
Saturday, Oct 03, 2026 - 01:22 PM (IST)
ਇੰਟਰਨੈਸ਼ਨਲ ਡੈਸਕ : ਮੀਡੀਆ ਅਧਿਕਾਰਾਂ ਲਈ ਕੰਮ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ 'ਰਿਪੋਰਟਰਜ਼ ਵਿਦਆਊਟ ਬਾਰਡਰਜ਼' ਨੇ ਚੇਤਾਵਨੀ ਦਿੱਤੀ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਯੂਨਾਨੀ ਸੋਸ਼ਲ ਮੀਡੀਆ 'ਤੇ ਆਪਣੇ ਏਜੰਡੇ ਅਤੇ ਪ੍ਰਚਾਰ ਨੂੰ ਵਧਾਉਣ ਲਈ ਗੁਪਤ ਤੌਰ 'ਤੇ ਗ੍ਰੀਕ (ਯੂਨਾਨੀ) ਭਾਸ਼ਾ ਬੋਲਣ ਵਾਲੇ ਇਨਫਲੂਐਂਸਰਾਂ ਦਾ ਇੱਕ ਨੈੱਟਵਰਕ ਤਿਆਰ ਕਰ ਰਹੀ ਹੈ। RSF ਨੇ ਯੂਨਾਨੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਇਨਫਲੂਐਂਸਰਾਂ ਅਤੇ ਚੀਨੀ ਪ੍ਰਚਾਰ ਨੈੱਟਵਰਕਾਂ ਵਿਚਕਾਰ ਵਿੱਤੀ ਲੈਣ-ਦੇਣ ਦੀ ਜਾਂਚ ਕਰਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਕਿਸੇ ਵਿਦੇਸ਼ੀ ਦਖਲਅੰਦਾਜ਼ੀ ਦੀ ਮੁਹਿੰਮ ਦਾ ਹਿੱਸਾ ਹੈ। 'ਗ੍ਰੀਸ ਫੈਕਟ ਚੈੱਕ' ਨਾਮਕ ਗੈਰ-ਲਾਭਕਾਰੀ ਮੀਡੀਆ ਨਿਗਰਾਨ ਸੰਸਥਾ ਦੀ ਜਾਂਚ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਤਿੰਨ ਪ੍ਰਮੁੱਖ ਗ੍ਰੀਕ ਭਾਸ਼ੀ ਪੇਜਾਂ ਦੀ ਪਛਾਣ ਕੀਤੀ ਗਈ ਹੈ ਈਰੋ ਲੀ, ਐਲਪੀਡਾ ਵੂ ਦਾ 'ਸਵੀਟ ਹੋਪ', ਅਤੇ ਮਾਰੀਆਨਾ ਲੀ ਤਿਕ ਸੁਨੇਹੇ ਅਤੇ ਚੀਨੀ ਸਰਕਾਰੀ ਸਮਾਗਮਾਂ ਵਿੱਚ ਯੂਨਾਨੀ ਸਿਆਸਤਦਾਨਾਂ ਦੇ ਇੰਟਰਵਿਊ ਸ਼ਾਮਲ ਕੀਤੇ ਜਾਣ ਲੱਗਦੇ ਹਨ।
ਇਹਨਾਂ ਤਿੰਨਾਂ ਖਾਤਿਆਂ ਦੇ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ ਅਤੇ ਯੂਟਿਊਬ 'ਤੇ ਕੁੱਲ 4,55,000 ਤੋਂ ਵੱਧ ਫਾਲੋਅਰਜ਼ ਹਨ, ਅਤੇ ਇਹਨਾਂ ਦੀਆਂ ਵੀਡੀਓਜ਼ ਨੂੰ ਲੱਖਾਂ ਤੋਂ ਕਰੋੜਾਂ ਵਾਰ ਦੇਖਿਆ ਜਾਂਦਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਈਰੋ ਲੀ ਦਾ ਪੇਜ 'ਝੋਂਗਸ਼ੀ ਵੈਨਗਾਰਡ ਫਿਲਮ ਐਂਡ ਟੈਲੀਵਿਜ਼ਨ ਮੀਡੀਆ' ਦੁਆਰਾ ਸਪਾਂਸਰ ਕੀਤਾ ਗਿਆ ਹੈ, ਜੋ ਚੀਨ ਦੇ ਸਰਕਾਰੀ ਬ੍ਰਾਡਕਾਸਟਰ CCTV ਦੀ ਇੱਕ ਸਹਾਇਕ ਕੰਪਨੀ ਹੈ। ਇਸ ਤੋਂ ਇਲਾਵਾ ਈਰੋ ਲੀ 'ਚਾਈਨਾ ਰੇਡੀਓ ਇੰਟਰਨੈਸ਼ਨਲ' ਲਈ ਵੀ ਰਿਪੋਰਟਿੰਗ ਕਰ ਚੁੱਕੀ ਹੈ। ਐਲਪੀਡਾ ਵੂ ਅਤੇ ਮਾਰੀਆਨਾ ਲੀ ਦੇ ਪੇਜਾਂ ਨੂੰ ਫੇਸਬੁੱਕ ਦੁਆਰਾ "ਚੀਨ ਸਰਕਾਰ ਦੇ ਨਿਯੰਤਰਣ ਵਾਲੇ ਮੀਡੀਆ" ਵਜੋਂ ਲੇਬਲ ਕੀਤਾ ਗਿਆ ਹੈ, ਅਤੇ Meta ਦੇ ਵਿਗਿਆਪਨ ਲਾਇਬ੍ਰੇਰੀ ਮੁਤਾਬਕ ਇਹਨਾਂ ਦੇ ਵਿਗਿਆਪਨਾਂ ਦਾ ਭੁਗਤਾਨ 'ਹਾਂਗਕਾਂਗ ਗੈਦਰ ਵਿਜ਼ਡਮ ਨੈੱਟਵਰਕ ਟੈਕਨਾਲੋਜੀ' ਦੁਆਰਾ ਕੀਤਾ ਗਿਆ ਸੀ।
'ਗ੍ਰੀਸ ਫੈਕਟ ਚੈੱਕ' ਦੇ ਸੰਸਥਾਪਕ ਥਾਨੋਸ ਸਿਤੀਸਤਾਸ ਅਨੁਸਾਰ, ਇਹ ਪੇਜ ਸਿੱਧੇ ਝੂਠ ਬੋਲਣ ਦੀ ਬਜਾਏ ਚੀਨ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ 'ਤੇ ਅਸਲ ਤੱਥਾਂ ਨੂੰ ਛੁਪਾਉਂਦੇ ਹਨ। ਉਦਾਹਰਨ ਲਈ, ਸ਼ਿਨਜਿਆਂਗ ਖੇਤਰ ਬਾਰੇ ਪੋਸਟਾਂ ਵਿੱਚ ਉਈਗਰ ਭਾਈਚਾਰੇ ਨੂੰ ਖੁਸ਼ਹਾਲ ਦਿਖਾਇਆ ਜਾਂਦਾ ਹੈ, ਜਦਕਿ ਉੱਥੇ ਮਾਨਵ ਅਧਿਕਾਰਾਂ ਦੇ ਉਲੰਘਣ ਅਤੇ ਮਾਸ ਡਿਟੈਂਸ਼ਨ ਕੈਂਪਾਂ ਦੇ ਦੋਸ਼ਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ। ਇਸ ਦਾ ਮੁੱਖ ਮਕਸਦ ਚੀਨ ਦਾ ਆਧੁਨਿਕ ਅਕਸ ਬਣਾਉਣਾ ਅਤੇ ਪੀਰੇਅਸ ਪੋਰਟ ਵਰਗੇ ਚੀਨੀ ਨਿਵੇਸ਼ ਪ੍ਰੋਜੈਕਟਾਂ ਲਈ ਜਨਤਕ ਸਮਰਥਨ ਜੁਟਾਉਣਾ ਹੈ।
ਮੁੱਖ ਧਾਰਾ ਮੀਡੀਆ ਦੀ ਭੂਮਿਕਾ
RSF ਦੀ ਰਿਪੋਰਟ ਅਨੁਸਾਰ, ਯੂਨਾਨ ਦੇ ਮੁੱਖ ਧਾਰਾ ਦੇ ਟੀਵੀ ਚੈਨਲਾਂ ਅਤੇ ਨਿਊਜ਼ ਵੈੱਬਸਾਈਟਾਂਨੇ ਵੀ ਇਹਨਾਂ ਇਨਫਲੂਐਂਸਰਾਂ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਹੈ, ਪਰ ਦਰਸ਼ਕਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਦੇ ਸਬੰਧ ਚੀਨੀ ਸਰਕਾਰ ਨਾਲ ਹਨ। ਇਸ ਤੋਂ ਇਲਾਵਾ, ਚੀਨ ਦੀ ਸਰਕਾਰੀ ਨਿਊਜ਼ ਏਜੰਸੀ 'ਸ਼ਿਨਹੁਆ' ਅਤੇ ਹੋਰ ਚੀਨੀ ਮੀਡੀਆ ਨੇ ਯੂਨਾਨ ਦੇ ਪ੍ਰਮੁੱਖ ਅਖਬਾਰਾਂ ਅਤੇ ਸਰਕਾਰੀ ਬ੍ਰਾਡਕਾਸਟਰ ERT ਨਾਲ ਸਹਿਯੋਗ ਸਮਝੌਤੇ ਕੀਤੇ ਹੋਏ ਹਨ। RSF ਦੀ ਏਸ਼ੀਆ-ਪ੍ਰਸ਼ਾਂਤ ਐਡਵੋਕੇਸੀ ਮੈਨੇਜਰ ਅਲੇਕਸਾਂਦਰਾ ਬਿਏਲਾਕੋਵਸਕਾ ਨੇ ਕਿਹਾ ਕਿ ਯੂਨਾਨ ਵਿਸ਼ਵ ਪ੍ਰੈੱਸ ਆਜ਼ਾਦੀ ਸੂਚਕਾਂਕ ਵਿੱਚ 86ਵੇਂ ਸਥਾਨ 'ਤੇ ਹੈ, ਜੋ ਕਿ ਲਗਾਤਾਰ ਪੰਜਵੇਂ ਸਾਲ ਯੂਰਪੀਅਨ ਯੂਨੀਅਨ ਵਿੱਚ ਸਭ ਤੋਂ ਹੇਠਾਂ ਹੈ। RSF ਨੇ ਚੇਤਾਵਨੀ ਦਿੱਤੀ ਹੈ ਕਿ ਮੀਡੀਆ ਦੀਆਂ ਇਹਨਾਂ ਕਮੀਆਂ ਕਾਰਨ ਚੀਨੀ ਪ੍ਰੋਪੈਗੰਡਾ ਨੂੰ ਜਗ੍ਹਾ ਮਿਲ ਰਹੀ ਹੈ ਅਤੇ ਯੂਨਾਨੀ ਸਰਕਾਰ ਨੂੰ ਸੁਤੰਤਰ ਪੱਤਰਕਾਰੀ ਲਈ ਬਿਹਤਰ ਮਾਹੌਲ ਬਣਾਉਣਾ ਚਾਹੀਦਾ ਹੈ।
